ਗੁਰਬਖਸ਼ਪੁਰੀ
ਤਰਨ ਤਾਰਨ, 25 ਫਰਵਰੀ
ਯੂਕਰੇਨ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਗਏ ਜ਼ਿਲ੍ਹੇ ਦੇ ਸੱਤ ਵਿਦਿਆਰਥੀਆਂ ਦੇ ਮਾਪੇ ਡਾਢੇ ਪ੍ਰੇਸ਼ਾਨ ਹਨ| ਇਨ੍ਹਾਂ ਸੱਤ ਵਿਦਿਆਰਥੀਆਂ ਵਿੱਚ ਸਾਰੇ ਦੇ ਸਾਰੇ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਉਥੇ ਗਏ ਹਨ| ਇਨ੍ਹਾਂ ਵਿੱਚ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਨਰੇਸ਼ ਕੁਮਾਰ ਵਾਸੀ ਝਬਾਲ ਦੀ ਲੜਕੀ ਗਜਲਦੀਪ ਕੌਰ, ਪਿੰਡ ਪਲਾਸੌਰ ਦੇ ਵਾਸੀ ਮੇਜਰ ਸਿੰਘ ਦੀ ਲੜਕੀ ਹਰਪ੍ਰੀਤ ਕੌਰ, ਕਸਬਾ ਵਲਟੋਹਾ ਦੇ ਵਾਸੀ ਡਾ. ਪਰਮਿੰਦਰ ਸਿੰਘ ਦਾ ਲੜਕਾ ਸੌਰਵਪ੍ਰੀਤ ਸਿੰਘ ਅਤੇ ਲੜਕੀ ਹਰਸਿਮਰਨ ਕੌਰ, ਬੇਅੰਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਰਾਜੋਕੇ (ਖਾਲੜਾ), ਮਨਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕਲਸੀਆਂ ਕਲਾਂ (ਖਾਲੜਾ) ਅਤੇ ਸਰਬਜੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਡੱਲ (ਖਾਲੜਾ) ਦਾ ਨਾਮ ਸ਼ਾਮਲ ਹੈ|
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ਵਾਸੀ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੀਤ ਸਿੰਘ ਯੂਕਰੇਨ ਪੜ੍ਹਾਈ ਲਈ ਗਿਆ ਹੋਇਆ ਹੈ। ਉਸ ਦੇ ਮਾਪਿਆਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕੋਲ ਪਹੁੰਚ ਕੀਤੀ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਟਵੀਟ ਕਰਦਿਆਂ ਗੁਰਪ੍ਰਤਾਪ ਸਿੰਘ ਸਮੇਤ ਸਾਰੇ ਫ਼ਸੇ ਭਾਰਤੀ ਨਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਢੁੱਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਅੰਮ੍ਰਿਤਸਰ ਜ਼ਿਲ੍ਹੇ ਦੇ ਲਗਪਗ 25 ਵਿਦਿਆਰਥੀ ਇਸ ਵੇਲੇ ਯੂਕਰੇਨ ਵਿਚ ਹਨ। ਇਨ੍ਹਾਂ ਵਿਚ ਕਾਇਨਾਤ ਮਹਾਜਨ ਵੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਲਈ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ 0183-2500598 ਸਥਾਪਤ ਕੀਤਾ ਗਿਆ ਹੈ।
ਚਾਰ ਵਿਦਿਆਰਥਣਾਂ ਬੇਸਮੈਂਟ ’ਚ ਫਸੀਆਂ
ਪਠਾਨਕੋਟ (ਐੱਨਪੀ ਧਵਨ): ਯੂਕਰੇਨ ਵਿਚ ਫਸੇ ਵਿਦਿਆਰਥੀਆਂ ਵਿੱਚ ਪਠਾਨਕੋਟ ਦੀਆਂ ਚਾਰ ਵਿਦਿਆਰਥਣਾਂ ਵੀ ਸ਼ਾਮਲ ਹਨ, ਜੋ ਫਿਲਹਾਲ ਖਾਰਕਿਵ ਮੈਡੀਕਲ ਨੈਸ਼ਨਲ ਯੂਨੀਵਰਸਿਟੀ ਦੀ ਬੇਸਮੈਂਟ ਵਿਚ ਫਸੀਆਂ ਹੋਈਆਂ ਹਨ। ਕੇਸ਼ਵ ਨਗਰ ਧੀਰਾ ਦੇ ਵਾਸੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਪਰਾਚੀ ਸ਼ਰਮਾ ਸਮੇਤ ਚਾਰ ਲੜਕੀਆਂ 5 ਦਸੰਬਰ 2021 ਨੂੰ ਯੂਕਰੇਨ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈਆਂ ਸਨ। ਵਿਦਿਆਰਥਣਾਂ ਨੂੰ ਹੋਸਟਲ ਦੀ ਬੇਸਮੈਂਟ ਵਿਚ ਰੱਖਿਆ ਹੋਇਆ ਹੈ, ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਲਕਸ਼ਮੀ ਗਾਰਡਨ ਕਲੋਨੀ ਦੀ ਸਾਕਸ਼ੀ ਦੀ ਮਾਤਾ ਨੀਲਮ ਸ਼ਰਮਾ ਨੇ ਸਰਕਾਰ ਤੋਂ ਬੱਚੀ ਨੂੰ ਸੁਰੱਖਿਅਤ ਘਰ ਲਿਆਉਣ ਦੀ ਮੰਗ ਕੀਤੀ। ਪਟੇਲ ਨਗਰ ਵਾਸੀ ਧੀਰਜ ਮਹਾਜਨ ਦੀ ਬੇਟੀ ਇਸ਼ਿਤਾ ਅਤੇ ਅਬਰੋਲ ਨਗਰ ਦੀ ਅਕਾਂਕਸ਼ਾ ਸੈਣੀ ਵੀ ਬਾਕੀ ਵਿਦਿਆਰਥਣਾਂ ਨਾਲ ਬੇਸਮੈਂਟ ਵਿੱਚ ਫਸੀ ਹੋਈ ਹੈ।