ਪੱਤਰ ਪ੍ਰੇਰਕ
ਅੰਮ੍ਰਿਤਸਰ, 23 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ “ਜਰਮਨੀ ਵਿੱਚ ਕਿਤਿਆਂ ਦੀ ਮੰਗ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਬਹੁ-ਭਾਸ਼ਾਈਵਾਦ ਵਿਸ਼ਵ ਵਿੱਚ ਇੱਕ ਬਹੁਤ ਵੱਡੀ ਸੰਪਤੀ ਹੈ ਜੋ ਕੌਮਾਂ, ਨਸਲਾਂ, ਧਰਮਾਂ, ਖਾਸ ਤੌਰ ’ਤੇ ਨਾਜ਼ੁਕ ਮਾਮਲਿਆਂ ਵਾਲੇ ਸੰਸਾਰ ਵਿੱਚ ਇਕ ਅਹਿਮ ਰੋਲ ਅਦਾ ਕਰਦਾ ਹੈ। ਵਿਦੇਸ਼ੀ ਭਾਸ਼ਾਵਾਂ ਦੀ ਵੱਧ ਰਹੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਸ਼ਾ ਦਾ ਗਿਆਨ ਸਿੱਖਣ ਵਾਲਿਆਂ ਲਈ ਨਵੇਂ ਰਾਹ ਖੋਲ੍ਹਦਾ ਹੈ ਕਿਉਂਕਿ ਭਾਸ਼ਾ ਸਿੱਖਣ ਵਿੱਚ ਨਾ ਸਿਰਫ਼ ਧੁਨੀ, ਰੂਪ ਵਿਗਿਆਨਿਕ, ਸ਼ਬਦਾਵਲੀ, ਵਾਕ-ਰਚਨਾ ਸਗੋਂ ਸੱਭਿਆਚਾਰ, ਪਰੰਪਰਾਵਾਂ, ਵਿਸ਼ੇਸ਼ ਭਾਸ਼ਾ ਦੇ ਭਾਈਚਾਰੇ ਨਾਲ ਜੁੜੇ ਸੰਮੇਲਨ, ਰੀਤੀ ਰਿਵਾਜ ਆਦਿ ਵੀ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਾ ਸਿਰਫ਼ ਭਾਸ਼ਾਵਾਂ ਦੀਆਂ ਸੀਮਾਵਾਂ ਨੂੰ ਪਾਰ ਕਰਕੇ ਆਪੋ-ਆਪਣੇ ਖੇਤਰ ਵਿੱਚ ਅੱਗੇ ਵਧਣਾ ਚਾਹੀਦਾ ਹੈ, ਸਗੋਂ ਮਨੁੱਖਤਾ ਨੂੰ ਕੇਂਦਰ ਵਿਚ ਰਖਦੇ ਹੋਏ ਇੱਕ ਦੂਜੇ ਦੇ ਨੇੜੇ ਆਉਣਾ ਚਾਹੀਦਾ ਹੈ।
ਨਵੀਂ ਦਿੱਲੀ ਨੈਟਵਰਕ ਐਕਸਟੈਂਸ਼ਨ, ਗੋਏਥੇ ਇੰਸਟੀਚਿਊਟ ਦੀ ਪ੍ਰਾਜੈਕਟ ਮੈਨੇਜਰ ਸੋਨਾਲੀ ਸਹਿਗਲ ਨੇ ਜਰਮਨੀ ਵਿੱਚ ਉਪਲਬਧ ਮੌਕਿਆਂ ਬਾਰੇ ਬੋਲਦਿਆਂ ਉਨ੍ਹਾਂ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਦ੍ਰਿਸ਼ਟੀਕੋਣ ਤੋਂ ਇਲਾਵਾ ਖੋਜ ਦੇ ਖੇਤਰ ਵਿੱਚ ਸਿੱਖਿਆ, ਡਾਕਟਰੇਟ ਅਤੇ ਪੋਸਟ-ਡਾਕਟੋਰਲ ਮੌਕਿਆਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਰਮਨੀ ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿੱਥੇ ਵਿਦੇਸ਼ੀ ਵਿਦਿਆਰਥੀਆਂ ਲਈ ਵੀ ਸਿੱਖਿਆ ਬਿਲਕੁਲ ਮੁਫਤ ਹੈ।
ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿਚ ਉਨ੍ਹਾਂ ਸਮਕਾਲੀ ਸਮੇਂ ਵਿੱਚ ਬਹੁ-ਭਾਸ਼ਾਈਵਾਦ ਦੀ ਲਗਾਤਾਰ ਵੱਧ ਰਹੀ ਮਹੱਤਤਾ ਨੂੰ ਸਾਹਮਣੇ ਲਿਆਂਦਾ ਅਤੇ ਨਾਲ ਹੀ ਉਨ੍ਹਾਂ ਆਪਣੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ਤੋਂ ਵੀ ਸੁਚੇਤ ਕੀਤਾ।