ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਸਤੰਬਰ
ਪੁਲੀਸ ਨੇ ਅੱਜ ਕੋਟ ਮਿੱਤ ਸਿੰਘ ਅਤੇ ਗੁੱਜਰਪੁਰਾ ਇਲਾਕੇ ਚ ਸਰਚ ਆਪ੍ਰੇਸ਼ਨ ਚਲਾਇਆ ਹੈ। ਜਿਸ ’ਚ ਪੁਲੀਸ ਨੇ 160 ਗ੍ਰਾਮ ਹੈਰੋਇਨ, 300 ਗ੍ਰਾਮ ਅਫੀਮ, 31ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚ ਦੋ ਔਰਤਾਂ ਸ਼ਾਮਲ ਹਨ। ਮੀਡੀਆ ਵਿੱਚ ਨਸ਼ਿਆਂ ਸਬੰਧੀ ਆਈਆਂ ਰਿਪੋਰਟਾਂ ਤੋਂ ਬਾਅਦ ਪੁਲੀਸ ਨੇ ਅੱਜ ਇਨ੍ਹਾਂ ਇਲਾਕਿਆਂ ਵਿੱਚ ਇਹ ਸਰਚ ਆਪ੍ਰੇਸ਼ਨ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਸੋਨੀਆ ਤੇ ਉਸ ਦਾ ਪੁੱਤਰ ਮਨੀਸ਼ ,ਸ਼ਲਿੰਦਰ ਸਿੰਘ ਉਰਫ ਸ਼ੁਭਮ, ਸ਼ਾਰਦਾ ਸੰਧੂ ਤੇ ਕਰਮਜੀਤ ਸਿੰਘ ਉਰਫ ਰਿੰਕੂ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਸੋਨੀਆ ਤੇ ਉਸ ਦੇ ਬੇਟੇ ਮਨੀਸ਼ ਕੋਲੋਂ 60 ਗ੍ਰਾਮ ਹੈਰੋਇਨ ਤੇ 31 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸੀ ਡਵੀਜ਼ਨ ’ਚ ਐੱਨਡੀਪੀਐੱਸ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸ਼ਲਿੰਦਰ ਸਿੰਘ ਕੋਲੋਂ 70 ਗ੍ਰਾਮ ਹੈਰੋਇਨ ਤੇ ਸ਼ਾਰਦਾ ਸੰਧੂ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ ਹੈ। ਦੋਵਾਂ ਖ਼ਿਲਾਫ਼ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ।