ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਜਨਵਰੀ
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸ੍ਰੀ ਗੁਰੂ ਰਾਮਦਾਸ ਐਵਿਨਿਊ, ਏਅਰਪੋਰਟ ਰੋਡ ਵਿਖੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਨਵੀਂ ਬਣਨ ਵਾਲੀ ਆਧੁਨਿਕ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਮਾਝਾ ਖੇਤਰ ਦੇ ਸ਼ਹਿਰੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਲਈ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਦਾ ਯੋਜਨਾਬੱਧ ਵਿਕਾਸ ਇਸ ਅਥਾਰਟੀ ਤੋਂ ਬਿਨਾਂ ਅਸੰਭਵ ਹੈ। ਸ਼ਹਿਰਾਂ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਇਸ ਸੰਸਥਾ ਨੂੰ ਨਵੀਂ ਇਮਾਰਤ ਦੇਣ ਦਾ ਕੰਮ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਇਸ ਮੌਕੇ ਅਥਾਰਟੀ ਦੇ ਮੁਖੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਨਵੀਂ ਬਣਨ ਵਾਲੀ ਇਮਾਰਤ 1.12 ਏਕੜ ਰਕਬੇ ਵਿਚ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਇਸ ਵਿੱਚ ਅੰਦਾਜ਼ਨ 200 ਦੇ ਕਰੀਬ ਕਰਮਚਾਰੀਆਂ ਦੇ ਕੰਮ ਕਰਨ ਲਈ ਹਰ ਆਧੁਨਿਕ ਸਹੂਲਤ ਹੋਵੇਗੀ। ਸ੍ਰੀ ਕਰਨੇਸ਼ ਸ਼ਰਮਾ ਨੇ ਕਿਹਾ ਕਿ ਇਹ ਇਮਾਰਤ ਸ੍ਰੀ ਸਰਕਾਰੀਆ ਦੇ ਉਦਮ ਸਦਕਾ ਹੀ ਸੰਭਵ ਹੋਈ ਹੈ, ਕਿਉਂਕਿ ਬਤੌਰ ਸ਼ਹਿਰੀ ਵਿਕਾਸ ਮੰਤਰੀ ਇਨ੍ਹਾਂ ਦਾ ਵਿਭਾਗ ਨਾਲ ਨੇੜਿਉਂ ਵਾਹ-ਵਾਸਤਾ ਪਿਆ ਤਾਂ ਵਿਭਾਗ ਦੀਆਂ ਲੋੜਾਂ ਵੇਖਦੇ ਹੋਏ ਉਨ੍ਹਾਂ ਇਹ ਇਮਾਰਤ ਬਣਾਉਣ ਦੀ ਹਦਾਇਤ ਵਿਭਾਗ ਨੂੰ ਕੀਤੀ।