ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 3 ਨਵੰਬਰ
ਪੰਚਾਇਤਾਂ ਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸਰਸ ਮੇਲਾ 4 ਨਵੰਬਰ ਤੋਂ ਰਣਜੀਤ ਐਵੇਨਿਊ ਦੇ ਦਸਹਿਰਾ ਗਰਾਊਂਡ ਵਿੱਚ ਸ਼ੁਰੂ ਹੋ ਰਿਹਾ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਕਰਨਗੇ। ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਮੇਲੇ ਵਿੱਚ ਹੁਣ ਤੱਕ 25 ਰਾਜਾਂ ਤੋਂ 199 ਤੋਂ ਵੱਧ ਕਾਰੀਗਰਾਂ ਵੱਲੋਂ ਸਟਾਲ ਬੁੱਕ ਕਰਵਾਏ ਜਾ ਚੁਕੇ ਹਨ। 100 ਕਾਰੀਗਰਾਂ ਦੇ ਹੋਰ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਰਤ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਆਉਣ ਵਾਲੇ ਕਾਰੀਗਰਾਂ, ਜਿਨ੍ਹਾਂ ਦੀਆਂ ਹੱਥ ਕਿਰਤਾਂ ਇਸ ਮੇਲੇ ਵਿੱਚ ਵਿਕਣ ਲਈ ਆਈਆਂ ਹਨ, ਨੂੰ ਸਟਾਲ, ਰਹਿਣ-ਸਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਖਰਚਾ ਵੀ ਸਰਕਾਰ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਲਈ ਬਹੁਤ ਮਾਮੂਲੀ ਫੀਸ ਦਰਸ਼ਕਾਂ ਕੋਲੋਂ ਲਈ ਜਾਵੇਗੀ, ਜਦੋਂਕਿ ਵਿਦਿਆਰਥੀਆਂ ਦਾ ਦਾਖਲਾ ਮੁਫ਼ਤ ਹੋਵੇਗਾ। ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ 14 ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਹਰੇਕ ਸ਼ਾਮ ਪੰਜਾਬ ਦੇ ਨਾਮੀ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਇਹ ਦਾਖਲਾ ਵੀ ਮੇਲੇ ਲਈ ਖਰੀਦੀ ਕੇਵਲ 20 ਰੁਪਏ ਦੀ ਟਿਕਟ ਨਾਲ ਹੀ ਮਿਲੇਗਾ। ਉਨ੍ਹਾਂ ਦੱਸਿਆ ਕਿ ਉੱਚ ਦਰਜੇ ਦੀਆਂ ਹੱਥ ਕਿਰਤਾਂ, ਜਿਸ ਵਿੱਚ ਕੱਪੜੇ, ਘਰ ਦੀ ਸਜਾਵਟ ਦਾ ਸਾਮਾਨ, ਬਰਤਣ, ਬੈਗ, ਲਕੜ ਦਾ ਸਾਮਾਨ, ਫਰਨੀਚਰ, ਵੱਖ-ਵੱਖ ਧਾਤਾਂ ਦੀਆਂ ਹੱਥਾਂ ਨਾਲ ਬਣੀਆਂ ਕਲਾ ਕਿਰਤਾਂ, ਇਸ ਮੇਲੇ ਦਾ ਸ਼ਿੰਗਾਰ ਬਣਨਗੀਆਂ।