ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੁਲਾਈ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੱਜਣ ਕਲਿਆਣ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਵਾਸਤੇ ਨਸ਼ਿਆਂ ਦੀ ਤਸਕਰੀ ਕਰਦਾ ਹੈ। ਇਹ ਖੁਲਾਸਾ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਇਆ ਹੈ। ਪੁਲੀਸ ਨੇ ਉਸ ਨੂੰ ਅਤੇ ਉਸਦੇ ਤਿੰਨ ਸਾਥੀਆਂ ਨੂੰ ਚਾਰ ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਤਿੰਨ ਪਿਸਤੌਲ, ਗੋਲੀਆਂ ਤੇ ਮੈਗਜ਼ੀਨ ਬਰਾਮਦ ਹੋਏ ਸਨ। ਪੰਜਾਬ ਪੁਲੀਸ ਇਸ ਵੇਲੇ ਲਾਰੈਂਸ ਬਿਸ਼ਨੋੋਈ ਤੇ ਜੱਗੂ ਭਗਵਾਨ ਪੁਰੀਆਂ ਦੋਵਾਂ ਕੋਲੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁੱਛਗਿਛ ਕਰ ਰਹੀ ਹੈ। ਪੁਲੀਸ ਵੱਲੋਂ ਸੱਜਣ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਉਹ ਵਧੇਰੇ ਫੈਜ਼ਪੁਰਾ ਤੇ ਨਾਲ ਲੱਗਦੀ ਰਤਨ ਸਿੰਘ ਚੌਕ ਦੀਆਂ ਕਲੋਨੀਆਂ ਵਿੱਚ ਨਸ਼ੇ ਸਪਲਾਈ ਕਰਦਾ ਸੀ। ਪੁਲੀਸ ਨੇ ਬੀਤੇ ਦਿਨ ਸੱਜਣ ਕਲਿਆਣ ਉਰਫ ਦਾਦੂ ਤੇ ਉਸ ਦੇ ਸਾਥੀ ਅਮਰਜੀਤ ਸਿੰਘ ਉਰਫ ਮਿੰਟੂ, ਨਵਕਰਨ ਸਿੰਘ ਉਰਫ ਨਵ ਤੇ ਮਨਜੀਤ ਸਿੰਘ ਉਰਫ ਜੋਜੋ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਇਨ੍ਹਾਂ ਕੋਲੋਂ ਪਾਕਿਸਤਾਨ ਦਾ ਬਣਿਆ ਇੱਕ ਪਿਸਤੌਲ ਤੇ ਦੋ ਪਿਸਤੌਲ ਬਰਾਮਦ ਕੀਤੇ ਸੀ। ਇਸ ਤੋਂ ਇਲਾਵਾ 13 ਗੋਲੀਆਂ, ਮੈਗਜ਼ੀਨ ਤੇ ਇੱਕ ਕਾਰ ਵੀ ਬਰਾਮਦ ਕੀਤੀ ਸੀ। ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸੱਜਣ ਕਲਿਆਣ ਖ਼ਿਲਾਫ਼ ਵੀਹ ਮਾਮਲੇ ਦਰਜ ਹਨ। ਪੁਲੀਸ ਮੁਤਾਬਕ ਮੁਲਜ਼ਮ ਨੇ ਜੱਗੂ ਭਗਵਾਨਪੁਰੀਆ ਗੈਂਗ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਬਣਾਇਆ ਸੀ ਤੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ’ਚ ਵੀ ਉਸ ਦੀ ਸ਼ਮੂਲੀਅਤ ਸੀ। ਪੁਲੀਸ ਨੂੰ ਉਸ ਦੀਆਂ ਕੁਝ ਤਸਵੀਰਾਂ ਗੈਂਗਸਟਰ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਸਾਰਜ ਸੰਧੂ ਉਰਫ ਮਿੰਟੂ ਨਾਲ ਵੀ ਮਿਲੀਆਂ ਹਨ।
ਕਾਰ ਸਵਾਰਾਂ ਨੇ ਨਾਰਲਾ ਪਿੰਡ ’ਚ ਗੋਲੀਆਂ ਚਲਾਈਆਂ
ਤਰਨ ਤਾਰਨ (ਪੱਤਰ ਪ੍ਰੇਰਕ) ਸਰਹੱਦੀ ਖੇਤਰ ਦੇ ਪਿੰਡ ਨਾਰਲਾ ਦੇ ਬੱਸ ਅੱਡੇ ’ਤੇ ਬੀਤੇ ਕੱਲ੍ਹ ਸ਼ਾਮ ਵੇਲੇ ਅਚਾਨਕ ਇਕ ਸਵਿਫਟ ਕਾਰ ਵਿੱਚ ਆਏ ਦੋ ਜਣਿਆਂ ਵੱਲੋਂ ਗੋਲੀਆਂ ਚਲਾਉਣ ਨਾਲ ਲੋਕਾਂ ਅੰਦਰ ਹਫੜਾ-ਦਫੜੀ ਫੈਲ ਗਈ| ਇਸ ਵਾਰਦਾਤ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਬਚਾਅ ਹੋ ਗਿਆ| ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਖਾਲੜਾ ਦੇ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਈ| ਉਸ ਵੇਲੇ ਤੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸੀ| ਪੁਲੀਸ ਅਧਿਕਾਰੀ ਨੂੰ ਲੋਕਾਂ ਨੇ ਦੱਸਿਆ ਕਿ ਅੱਡੇ ’ਤੇ ਅਚਾਨਕ ਇਕ ਸਵਿਫਟ ਕਾਰ ਆਈ| ਕਾਰ ਵਿੱਚ ਡਰਾਈਵਰ ਤੋਂ ਇਲਾਵਾ ਇਕ ਹੋਰ ਵਿਅਕਤੀ ਕੰਡਕਟਰ ਸਾਈਡ ’ਤੇ ਬੈਠਾ ਸੀ| ਇਸ ਵਿਅਕਤੀ ਨੇ ਲੋਕਾਂ ਵੱਲ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਮੌਕੇ ’ਤੇ ਭਾਰੀ ਦਹਿਸ਼ਤ ਫੈਲ ਗਈ| ਲੋਕਾਂ ਨੇ ਅੰਦਰ ਵੜ ਕੇ ਆਪਣੀ ਜਾਣ ਬਚਾਈ| ਲੋਕਾਂ ਕੋਲੋਂ ਕਾਰ ਦਾ ਨੰਬਰ ਤੱਕ ਵੀ ਨਹੀਂ ਪੜ੍ਹਿਆ ਜਾ ਸਕਿਆ| ਪੁਲੀਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਦੋ ਖਾਲੀ ਖੋਲ ਬਰਾਮਦ ਹੋਏ ਹਨ| ਧਾਰਾ 336 ਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ| ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਅੱਜੇ ਤਕ ਸ਼ਨਾਖਤ ਨਹੀਂ ਕੀਤੀ ਜਾ ਸਕੀ| ਲੋਕਾਂ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਸਨਾਖਤ ਕਰਨ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਘੋਖ ਕਰਕੇ ਮੁਲਜ਼ਮਾਂ ਤੱਕ ਪਹੁੰਚ ਸਕਦੀ ਹੈ।