ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 23 ਨਵੰਬਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਨ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਉਪ ਮੁਖੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਹੇਠ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ। ਮੇਅਰ ਵਲੋਂ ਸਿਹਤ ਅਫ਼ਸਰ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੁਸਤ-ਦਰੁੱਸਤ ਕੀਤਾ ਜਾਵੇ, ਜਿਨ੍ਹਾਂ ਰੇਹੜੀਆਂ ਜਾਂ ਕਮਰਸ਼ੀਅਲ ਸੰਸਥਾਨਾਂ ਬਾਹਰ ਲੋਕ ਕੂੜਾ-ਕਰਕਟ ਦਾ ਪ੍ਰਬੰਧ ਨਹੀਂ ਬਣਾ ਕੇ ਰੱਖਦੇ, ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਲਈ ਅਤੇ ਸ਼ਹਿਰ ਦੀ ਸਾਫ਼-ਸਫਾਈ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਪਾਣੀ-ਸੀਵਰੇਜ ਅਤੇ ਸਿਵਲ ਵਿਭਾਗ ਦੇ ਨਿਗਰਾਨ ਇੰਜਨੀਅਰਾਂ ਨੂੰ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਜਿਨ੍ਹਾਂ ਵੀ ਕੰਮਾਂ ਦੇ ਐਸਟੀਮੇਟ ਆਦਿ ਹਾਊਸ ਵਿਚੋਂ ਪਾਸ ਹੋ ਚੁੱਕੇ ਹਨ ਅਤੇ ਟੈਂਡਰ ਪ੍ਰਕਿਰਿਆ ਮੁੱਕ ਚੁੱਕੀ ਹੈ, ਉਨ੍ਹਾਂ ਕੰਮਾਂ ਦੀ ਜਲਦ ਤੋਂ ਜਲਦ ਸ਼ੁਰੂਆਤ ਕਰਵਾਈ ਜਾਵੇ। ਭੂਮੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਸ਼ਹਿਰ ਵਾਸੀਆਂ ਦੀ ਸਹੂਲਤਾਂ ਲਈ ਸੜਕਾਂ ਤੋਂ ਰੇਹੜੀਆਂ-ਫੜ੍ਹੀਆਂ ਵਾਲਿਆਂ ਨੂੰ ਸਮਝਾ ਕੇ ਤਰਤੀਬਵਾਰ ਕੀਤਾ ਜਾਵੇ। ਨਿਗਮ ਯੋਜਨਾਕਾਰ ਬਿਲਡਿੰਗ ਵਿਭਾਗ ਨਾਲ ਸਬੰਧਤ ਨਕਸ਼ੇ ਪਾਸ ਕਰਨ ਅਤੇ ਐਨ.ਓ.ਸੀ ਜਾਰੀ ਕਰਨ ਵਾਲੀ ਆਨਲਾਈਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਨਕਸ਼ੇ ਪਾਸ ਕਰਵਾਉਣ ਤੇ ਐਨ.ਓ.ਸੀ ਲੈਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੂੰ ਉਸਾਰੀਆਂ ਕਾਨੂੰਨ ਅਨੁਸਾਰ ਪਾਸ ਕਰਵਾ ਕੇ ਕਰਨ ਲਈ ਪ੍ਰੇਰਿਤ ਕੀਤਾ ਜਾਵੇ।