ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਜੁਲਾਈ
ਅੱਜ ਇਥੇ ਮੋਹਲੇਧਾਰ ਮੀਂਹ ਪੈਣ ਨਾਲ ਅਤੇ ਸਾਰਾ ਦਿਨ ਬੱਦਲਵਾਈ ਬਣੀ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਅੱਜ ਸਵੇਰੇ ਹੀ ਸੰਘਣੇ ਤੇ ਕਾਲੇ ਬੱਦਲ ਆਏ ਪਰ ਇਸ ਦੌਰਾਨ ਤੇਜ਼ ਹਵਾ ਵੀ ਚੱਲਦੀ ਰਹੀ। ਇਸ ਦੌਰਾਨ ਲਗਪਗ ਇਕ ਘੰਟੇ ਤੋਂ ਵੱਧ ਮੋਹਲੇਧਾਰ ਮੀਂਹ ਪਿਆ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਵਿਚ ਪਾਣੀ ਵੀ ਭਰ ਗਿਆ। ਇਸ ਮੀਂਹ ਦੇ ਨਾਲ ਤਾਪਮਾਨ ਵੀ ਹੇਠਾਂ ਆਇਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਬੀਤੇ ਕੱਲ੍ਹ ਵੀ ਬੱਦਲਵਾਈ ਹੋਈ ਸੀ ਪਰ ਮੀਂਹ ਕੁਝ ਥਾਵਾਂ ’ਤੇ ਹੀ ਪਿਆ ਸੀ। ਮੀਂਹ ਤੋਂ ਬਾਅਦ ਧੁਪ ਨਿਕਲਣ ਕਾਰਨ ਹੁੰਮਸ ਵਧ ਗਿਆ ਸੀ , ਜਿਸ ਨਾਲ ਗਰਮੀ ਵੀ ਵਧ ਗਈ ਸੀ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਫਤੇ ਦੇ ਸਾਰੇ ਦਿਨ ਜ਼ਿਲੇ ਵਿਚ ਬੱਦਲਵਾਈ ਬਣੇ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ, ਜਿਸ ਕਾਰਨ ਤਾਪਮਾਨ ਵੀ ਹੇਠਾਂ ਆਵੇਗਾ ਅਤੇ ਹਫਤਾ ਭਰ ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਵਿਚਾਲੇ ਰਹੇਗਾ। ਅੱਜ ਵੀ ਮੀਂਹ ਪੈਣ ਕਾਰਨ ਤਾਪਮਾਨ 26 ਤੋਂ 34 ਡਿਗਰੀ ਵਿਚਾਲੇ ਰਿਹਾ ਹੈ ਜਦੋਂਕਿ ਇਸ ਨਾਲ ਨਮੀ ਵਿਚ ਵਾਧਾ ਹੋਇਆ।
ਅੱਜ ਭਾਵੇਂ ਤੇਜ ਹਵਾਵਾਂ ਚੱਲੀਆਂ ਹਨ ਪਰ ਇਸ ਕਾਰਨ ਰੁਖ ਡਿਗਣ ਜਾਂ ਬਿਜਲੀ ਦੇ ਖੰਭਿਆਂ ਤੇ ਤਾਰਾਂ ਆਦਿ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸੇ ਤਰ੍ਹਾਂ ਸ਼ਹਿਰ ਵਿਚ ਵੀ ਕਿਸੇ ਤਰ੍ਹਾਂ ਦੇ ਇਮਾਰਤੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਾਇਰ ਬ੍ਰਿਗੇਡ ਦਫ਼ਤਰ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਜ ਜ਼ਿਲੇ ਵਿੱਚ ਲਗਪਗ ਸਭ ਥਾਵਾਂ ’ਤੇ ਮੀਂਹ ਪਿਆ ਹੈ, ਜੋ ਕਿ ਫਸਲਾਂ ਲਈ ਲਾਹੇਵੰਦ ਹੈ।
ਕਾਦੀਆਂ ਵਿੱਚ ਮੀਂਹ ਪੈਣ ਮਗਰੋਂ ਸੜਕਾਂ ਪਾਣੀ ਨਾਲ ਭਰੀਆਂ
ਕਾਦੀਆਂ (ਪੱਤਰ ਪ੍ਰੇਰਕ) ਸਖ਼ਤ ਗਰਮੀ ਦੇ ਚੱਲਦੇ ਅੱਜ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਈ ਕਈ ਘੰਟੇ ਬਿਜਲੀ ਕੱਟਾਂ ਅਤੇ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਪੈ ਰਹੇ ਮੀਂਹ ਦਾ ਖ਼ੂਬ ਆਨੰਦ ਲਿਆ। ਬੱਚੇ, ਛੋਟੇ, ਵੱਡੇ ਸਾਰੇ ਮੀਂਹ ਵਿੱਚ ਨਹਾਉਣ ਲਈ ਸੜਕਾਂ ’ਤੇ ਨਿਕਲ ਆਏ। ਦੂਜੇ ਪਾਸੇ ਕਾਦੀਆਂ ’ਚ ਸੀਵਰੇਜ ਨਾ ਹੋਣ ਕਾਰਨ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਨਹਿਰਾਂ ’ਚ ਤਬਦੀਲ ਹੋ ਗਈਆਂ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਗਲੀ ਮੁਹੱਲੇ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਇੱਸ ਸਬੰਧ ’ਚ ਰਾਹੁਲ ਕੁਮਾਰ ਭਾਟੀਆ ਨੇ ਦੱਸਿਆ ਕਿ ਸਖ਼ਤ ਗਰਮੀ ਤੋਂ ਬਾਅਦ ਮੀਂਹ ਪੈਣ ਕਾਰਨ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੜਾ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸ਼ਹਿਰ ’ਚ ਸੀਵਰੇਜ ਪਾਉਣ ਦੀ ਵੀ ਮੰਗ ਕੀਤੀ।