ਪੱਤਰ ਪ੍ਰੇਰਕ
ਧਾਰੀਵਾਲ, 5 ਨਵੰਬਰ
ਬਾਜਵਾ ਐੱਸਪੀਡਬਲਿਊਐੱਸ ਸਕਿੱਲ ਇੰਸਟੀਚਿਊਟ ਧਾਰੀਵਾਲ ਵਿੱਚ ਬੰਦੀ ਛੋੜ ਦਿਵਸ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਤਿਉਹਾਰ ਮਨਾਇਆ ਗਿਆ। ਵਿਦਿਆਰਥੀਆਂ ਵਲੋਂ ਇੰਸਟੀਚਿਊਟ ਦੇ ਕਮਰਿਆਂ ਨੂੰ ਬੜੇ ਸੁੰਦਰ ਢੰਗ ਨਾਲ ਸਜਾਇਆ ਅਤੇ ਦੀਪਮਾਲਾ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬੰਦੀ ਛੋੜ ਦਿਵਸ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬਾਜਵਾ ਨੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਵਧੇਰੇ ਪੌਦੇ ਲਗਾਉਣ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਚੇਅਰਮੈਨ ਹਰਜੀਤ ਸਿੰਘ ਬਾਜਵਾ ਦੀ ਪਤਨੀ ਹਰਜਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਮਿਲਕੇ ਦੀਪਮਾਲਾ ਕੀਤੀ। ਇਸ ਮੌਕੇ ਨਵਜੋਧ ਸਿੰਘ ਬਾਜਵਾ, ਨਵਨੀਤ ਕੌਰ, ਮਨਦੀਪ ਕੌਰ ਹਾਜ਼ਰ ਸਨ।
ਚੇਤਨਪੁਰਾ (ਪੱਤਰ ਪ੍ਰੇਰਕ): ਬੰਦੀਛੋੜ ਦਿਵਸ ਨੂੰ ਸਮਰਪਿਤ ਕੁੱਕੜਾਂ ਵਾਲਾ ਕਲੋਨੀ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਲੋਕਲ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਗੁਰਪ੍ਰੀਤ ਸਿੰਘ ਛੀਨਾ, ਭਾਈ ਮੱਖਣ ਸਿੰਘ, ਭਾਈ ਮਨਦੀਪ ਸਿੰਘ ਆਦਿ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ, ਗੁਰਮਤਿ ਕਥਾ ਵਿਚਾਰਾਂ ਤੇ ਬੰਦੀਛੋੜ ਦਿਵਸ ਦੇ ਇਤਹਾਸ ਤੋਂ ਜਾਣੂ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਘਰ ਦੇ ਸ਼ਰਧਾਲੂ ਸੁਖਦੇਵ ਸਿੰਘ, ਮੁੱਖ ਗ੍ਰੰਥੀ ਭਾਈ ਹਰਦੀਪ ਸਿੰਘ, ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਬਲਵਿੰਦਰ ਟਾਟਾ, ਇੰਸਪੈਕਟਰ ਰਘਬੀਰ ਸਿੰਘ, ਪ੍ਰਧਾਨ ਪਲਵਿੰਦਰ ਸਿੰਘ ਬਿੱਟੂ ਖਾਲਸਾ ਹਾਜ਼ਰ ਸਨ।
ਅਜਨਾਲਾ (ਪੱਤਰ ਪ੍ਰੇਰਕ): ਦੇਸ਼ ਅੰਦਰ ਪਿਛਲੇ ਸਾਲਾਂ ਦੌਰਾਨ ਰਹੇ ਕਰੋਨਾ ਦੇ ਪ੍ਰਭਾਵ ਤੋਂ ਬਾਅਦ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਬਾਜ਼ਾਰਾਂ ਵਿੱਚ ਅਤਿਸ਼ਬਾਜ਼ੀ ਅਤੇ ਮਠਿਆਈਆਂ ਦੀ ਖਰੀਦੋ-ਫਰੋਖਤ ਕਰਨ ਲਈ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਅਤੇ ਬਜ਼ਾਰਾਂ ਵਿੱਚ ਕਾਫੀ ਰੌਣਕ ਛਾਈ ਰਹੀ। ਇੱਥੇ ਜਿਕਰਯੋਗ ਹੈ ਕਿ ਭਾਵੇਂ ਦੁਕਾਨਾਂ ਤੇ ਲੋਕਾਂ ਦੀ ਭੀੜ ਰਹੀ ਪਰ ਰਾਤ ਸਮੇਂ ਚੱਲਦੀ ਅਤਿਸ਼ਬਾਜੀ ਦੀ ਆਵਾਜ਼ ਪਹਿਲਾਂ ਦੀ ਤਰ੍ਹਾਂ ਇਸ ਵਾਰ ਘੱਟ ਸੁਣਨ ਨੂੰ ਮਿਲੀ ਪਰ ਫਿਰ ਵੀ ਲੋਕਾਂ ਵਿੱਚ ਪੂਰਾ ਉਤਸ਼ਾਹ ਰਿਹਾ।
ਜੈਂਤੀਪੁਰ (ਪੱਤਰ ਪ੍ਰੇਰਕ): ਗੁੱਡਵਿੱਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿੱਚ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸੰਸਥਾ ਦੇ ਚੇਅਰਮੈਨ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਗ੍ਰੀਨ ਦੀਵਾਲੀ ਮਨਾਈ ਗਈ। ਇਸ ਮੌਕੇ ਬੱਚਿਆਂ ਦੇ ਭਾਸ਼ਣ, ਕਵਿਤਾ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ। ਸਕੂਲ ਦੀ ਈਕੋ ਕਲੱਬ ਦੇ ਪ੍ਰਧਾਨ ਕੋਮਲਪ੍ਰੀਤ ਕੌਰ ਦੀ ਅਗਵਾਈ ਹੇਠ ਗ੍ਰੀਨ ਦੀਵਾਲੀ ਸਬੰਧੀ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸੁਖਮਨਜੀਤ ਕੌਰ, ਗੁਪਾਲ ਸਿੰਘ ਅਤੇ ਚਾਹਿਤਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਲੇਖਣ ਵਿੱਚ ਅਰਸ਼ਦੀਪ ਕੌਰ ਅਤੇ ਰਾਜਵਿੰਦਰ ਕੌਰ ਨੇ ਪਹਿਲਾ ਅਤੇ ਦੂਜਾ ਸਥਾਨ, ਪੋਸਟਰ ਮੁਕਾਬਲੇ ਵਿੱਚ ਸਾਹਿਲ ਸਿੰਘ, ਆਕਾਸ਼ ਮਸੀਹ ਅਤੇ ਐਸਵੀਰ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਜਸਬਿੰਦਰ ਕੌਰ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਕੂਲ ਨੂੰ ਪਲਾਸਟਿਕ ਮੁਕਤ ਅਤੇ ਗ੍ਰੀਨ ਸਕੂਲ ਬਣਾਉਣ ਦਾ ਪ੍ਰਣ ਵੀ ਲਿਆ।
ਡਿਪਟੀ ਕਮਿਸ਼ਨਰ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਦੀਵਾਲੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗੁਰਪ੍ਰੀਤ ਸਿੰਘ ਖਹਿਰਾ ਅਤੇ ਡਾ. ਦਵਿੰਦਰ ਕੌਰ ਖਹਿਰਾ ਚੇਅਰਪਰਸਨ ਰੈੱਡ ਕਰਾਸ ਵੱਲੋਂ ਦੀਵਾਲੀ ਮੌਕੇ ਨਾਰੀ ਨਿਕੇਤਨ ਅੰਮ੍ਰਿਤਸਰ ਵਿੱਚ ਸਪੈਸ਼ਲ ਬੱਚਿਆਂ ਨਾਲ ਦੀਵਾਲੀ ਮਨਾਈ ਗਈ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਫਰੂਟ, ਗਿਫਟ ਅਤੇ ਹੋਰ ਖਾਣ ਦਾ ਸਮਾਨ ਦਿੱਤਾ। ਡਾ. ਦਵਿੰਦਰ ਕੌਰ ਖਹਿਰਾ ਨੇ ਸਪੈਸ਼ਲ ਬੱਚਿਆਂ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਕਾਲਜ ਕੈਂਪਸ ਵਿੱਚ ਪੌਦੇ ਲਗਾ ਕੇ ਹਰੀ ਦੀਵਾਲੀ ਮਨਾਈ
ਦਸੂਹਾ (ਪੱਤਰ ਪ੍ਰੇਰਕ ): ਇਥੇ ਗੁਰੂ ਤੇਗ ਬਹਾਦਰ ਟਰੱਸਟ ਦਸੂਹਾ ਵੱਲੋਂ ਜੀਟੀਬੀ ਬੀ.ਐਡ ਕਾਲਜ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਸਬੰਧੀ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਗਰੀਨ ਤੇ ਸੁਰਖਿਅਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਟਰਸੱਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ-ਪ੍ਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਡਿਪਟੀ ਮੈਨੇਜਰ ਦੀਪਗਗਨ ਸਿੰਘ ਗਿੱਲ, ਸਕੱਤਰ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸਕੱਤਰ ਪੁਰਸ਼ੋਤਮ ਸਿੰਘ ਦੇਵੀਦਾਸ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟਰ ਸੰਦੀਪ ਸਿੰਘ ਸੀਕਰੀ, ਪ੍ਰਿੰ. ਡਾ. ਵਰਿੰਦਰ ਕੌਰ ਹਾਜ਼ਰ ਸਨ। ਇਸ ਮੌਕੇ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਆਖਰ ਵਿੱਚ ਮਹਿਮਾਨਾਂ ਤੇ ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਦੀਆਂ ਖਾਲੀ ਥਾਵਾਂ ’ਤੇ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਮਨਾਈ ਗਈ।