ਰਾਇਸ਼ੁਮਾਰੀ-2020: ਅਕਾਲ ਤਖ਼ਤ ’ਤੇ ਅਰਦਾਸ ਕਰਨ ਕੋਈ ਨੁਮਾਇੰਦਾ ਨਹੀਂ ਪੁੱਜਿਆ

ਰਾਇਸ਼ੁਮਾਰੀ-2020: ਅਕਾਲ ਤਖ਼ਤ ’ਤੇ ਅਰਦਾਸ ਕਰਨ ਕੋਈ ਨੁਮਾਇੰਦਾ ਨਹੀਂ ਪੁੱਜਿਆ

ਰੈੱਫਰੈਂਡਮ 2020 ਦੇ ਮੱਦੇਨਜ਼ਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਤਾਇਨਾਤ ਪੁਲੀਸ ਕਰਮੀ।-ਫੋਟੋ: ਜਗਜੀਤ ਸਿੱਧੂ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਜੁਲਾਈ

ਸਿੱਖਸ ਫਾਰ ਜਸਟਿਸ ਜਥੇਬੰਦੀ ਵਲੋਂ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਰਾਏਸ਼ੁਮਾਰੀ (ਰੈਫਰੈਂਡਮ: 2020) ਲਈ ਵੋਟਰ ਰਜਿਸਟਰੇਸ਼ਨ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਵਿਖੇ ਅਰਦਾਸ ਕੀਤੇ ਜਾਣ ਦੀ ਸੰਭਾਵਨਾ ਸੀ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨਿਗਰਾਨੀ ਲਈ ਅੱਜ ਸਾਰਾ ਦਿਨ ਵੱਡੀ ਗਿਣਤੀ ਸਾਦੇ ਕੱਪੜਿਆਂ ਵਿਚ ਪੁਲੀਸ ਤਾਇਨਾਤ ਰਹੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਵੀ ਨਿਗਰਾਨੀ ਰੱਖੀ ਗਈ ਪਰ ਕੋਈ ਵੀ ਅਰਦਾਸ ਲਈ ਨਹੀਂ ਪੁੱਜਾ। ਕੇਂਦਰ ਸਰਕਾਰ ਵਲੋਂ ਇਸ ਵਿਦੇਸ਼ੀ ਸਿੱਖ ਜਥੇਬੰਦੀ ’ਤੇ ਰੋਕ ਲਾਉਂਦਿਆਂ ਇਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਅਤਿਵਾਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਪੰਨੂ ਅਤੇ ਉਸ ਦੇ ਇਕ ਸਾਥੀ ਖਿਲਾਫ ਦੇਸ਼ ਧਰੋਹ ਤੇ ਹੋਰ ਮਾਮਲਿਆਂ ਵਿਚ ਅੰਮ੍ਰਿਤਸਰ ਅਤੇ ਕਪੂਰਥਲਾ ਦੇ ਪੁਲੀਸ ਥਾਣਿਆਂ ਵਿਚ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲੀਸ ਅਤੇ ਖੁਫੀਆ ਪੁਲੀਸ ਦੇ 150 ਤੋਂ ਵੱਧ ਕਰਮਚਾਰੀ ਤੇ ਅਧਿਕਾਰੀ ਇਥੇ ਤਾਇਨਾਤ ਸਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਸ੍ਰੀ ਅਕਾਲ ਤਖਤ ਦੇ ਆਲੇ ਦੁਆਲੇ ਅਤੇ ਸ੍ਰੀ ਅਕਾਲ ਤਖ਼ਤ ਅੰਦਰ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਸੀ।

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੇ ਆਖਿਆ ਕਿ ਸੰਭਾਵਨਾਵਾਂ ਮੁਤਾਬਕ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਸਾਰਾ ਦਿਨ ਸੰਗਤ ਦੀ ਆਮਦ ਜਾਰੀ ਰਹੀ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਆਖਿਆ ਕਿ ਇਸ ਜਥੇਬੰਦੀ ਦਾ ਇਥੇ ਕੋਈ ਆਧਾਰ ਨਹੀਂ ਹੈ। ਦੱਸਣਯੋਗ ਹੈ ਕਿ ਜਦੋਂ ਸਿੱਖਸ ਫਾਰ ਜਸਟਿਸ ਵਲੋਂ ਰਾਏਸ਼ੁਮਾਰੀ ਲਈ ਐਲਾਨ ਕੀਤਾ ਗਿਆ ਸੀ ਤਾਂ ਉਸ ਵੇਲੇ ਗਰਮਖਿਆਲੀ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਇਸ ਮਾਮਲੇ ਵਿਚ ਜਥੇਬੰਦੀ ਨੂੰ ਕੁਝ ਮੁੱਦੇ ਸਪੱਸ਼ਟ ਕਰਨ ਲਈ ਆਖਿਆ ਗਿਆ ਸੀ ਪਰ ਪੰਨੂ ਨੇ ਇਸ ਦਾ ਕੋਈ ਉਤਰ ਨਹੀਂ ਦਿੱਤਾ ਸੀ।

ਗੁਰਪਤਵੰਤ ਪੰਨੂ ਦਾ ਪੁਤਲਾ ਫੂਕਿਆ

ਦਲਿਤ ਸਮਾਜ ਦੀਆਂ ਕੁਝ ਜਥੇਬੰਦੀਆਂ ਨੇ ਅੱਜ ਇਥੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਸਾੜਿਆ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਆਖਿਆ ਕਿ ਪੰਨੂ ਦੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜਨ ਨਾਲ  ਸਮੁੱਚੇ ਭਾਰਤੀਆਂ ਦਾ ਅਪਮਾਨ ਹੋਇਆ ਸੀ ਜਿਸ ਦੇ ਵਿਰੋਧ ਵਿਚ ਅੱਜ ਉਸ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਪੰਨੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। 

ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ ਸੁਰੱਖਿਆ ਵਧਾਈ

ਤਲਵੰਡੀ ਸਾਬੋ (ਜਗਜੀਤ ਸਿੱਧੂ): ਇਥੇ ਵੱਖ-ਵੱਖ ਥਾਵਾਂ ’ਤੇ ਰਾਏਸ਼ੁਮਾਰੀ-2020 ਦੇ ਨਾਅਰੇ ਲਿਖੇ ਮਿਲਣ ਉਪਰੰਤ ਅੱਜ ਤਲਵੰਡੀ ਸਾਬੋ ਪੁਲੀਸ ਨੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਖੁਫੀਆ ਤੰਤਰ ਵੱਲੋਂ ਵੀ ਤਖ਼ਤ ਸਾਹਿਬ ਵਿਖੇ ਆਉਣ ਵਾਲਿਆਂ ’ਤੇ  ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੇ ਵੀ ਹਰਕਤ ਵਿਚ ਆਉਂਦਿਆਂ ਪੋਸਟਰਾਂ ’ਤੇ ਪੋਚਾ ਫੇਰ ਦਿੱਤਾ ਹੈ। ਅੱਜ ਸਵੇਰੇ ਤੋਂ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਆਉਣ ਵਾਲੇ ਰਸਤਿਆਂ ’ਤੇ ਪੁਲੀਸ ਪਾਰਟੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All