ਰਾਜਨ ਮਾਨ
ਰਮਦਾਸ, 3 ਅਕਤੂਬਰ
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਡੇਰਾ ਬਾਬਾ ਨਾਨਕ ਨਜ਼ਦੀਕ ਪਿੰਡ ਘੋਨੇਵਾਲ ਤੋਂ ਮਨਸੂਰ ਤੱਕ 10 ਕਿਲੋਮੀਟਰ ਸੜਕ ਦੀ ਮੁਰੰਮਤ ਸ਼ੁਰੂ ਕਰਵਾਈ ਅਤੇ ਪੁੱਲਾਂ ਦੀ ਉਸਾਰੀ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਈ ਜਾਣ ਵਾਲੀ ਇਸ ਸੜਕ ’ਤੇ 10.73 ਕਰੋੜ ਰੁਪਏ ਦੀ ਲਾਗਤ ਆਵੇਗੀ। ਪਿੰਡ ਘੋਨੇਵਾਲ ਤੋਂ ਮਨਸੂਰ ਤੱਕ ਬਣਨ ਵਾਲੀ ਇਸ ਸੰਪਰਕ ਸੜਕ ਅਤੇ ਪੁਲਾਂ ਨਾਲ ਇਸ ਇਲਾਕੇ ਦੇ ਵਸਨੀਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਬਰਸਾਤੀ ਸੀਜ਼ਨ ਦੌਰਾਨ ਦਰਿਆ ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਵੀ ਲੋਕਾਂ ਦਾ ਲਾਂਘਾ ਬੰਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।