ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਗਸਤ
ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਠੇਕਾ ਆਧਾਰ ’ਤੇ ਫੌਜ ਵਿੱਚ ਭਰਤੀ ਕਰਨ ਲਈ ਲਿਆਂਦੀ ਗਈ ਅਗਨੀਪਥ ਸਕੀਮ ਨੂੰ ਰੱਦ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਨੌਜਵਾਨਾਂ, ਸਾਬਕਾ ਸੈਨਿਕਾਂ ਤੇ ਕਿਸਾਨਾਂ ਵੱਲੋਂ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਲਵਜੀਤ ਸਿੰਘ ਮਾੜੀਮੇਘਾ, ਹਰਮੀਤ ਸਿੰਘ, ਆਰੀਅਨ ਗੋਇਲ , ਸੁਖਦੇਵ ਸੈਂਸਰਾ, ਅਜੈ ਸਿੰਘ ਚਵਿੰਡਾ ਦੇਵੀ ਤੇ ਅਰਸ਼ਦੀਪ ਸਿੰਘ ਛੀਨਾ ਨੇ ਕੀਤੀ।
ਇਸ ਮੌਕੇ ਕਿਸਾਨ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ, ਸਤਨਾਮ ਸਿੰਘ ਝੰਡੇਰ, ਪਲਵਿੰਦਰ ਸਿੰਘ ਜੇਠੂਨੰਗਲ ਤੇ ਲਖਬੀਰ ਸਿੰਘ ਨਿਜਾਮਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਗਨੀਪੱਥ ਯੋਜਨਾ ਰਾਹੀਂ ਭਾਰਤੀ ਫੌਜ ਦੇ ਤਿੰਨਾਂ ਵਿੰਗਾਂ ਵਿੱਚ ਚਾਰ ਸਾਲਾਂ ਲਈ ਨੌਜਵਾਨਾਂ ਦੀ ਭਰਤੀ ਕਰਨ ਨਾਲ ਦੇਸ਼ ਦਾ ਅੰਦਰੂਨੀ ਰੱਖਿਆ ਤੰਤਰ ਤਹਿਸ-ਨਹਿਸ ਹੋ ਜਾਵੇਗਾ ਤੇ ਨੌਜਵਾਨਾਂ ਦਾ ਭਵਿੱਖ ਬਰਬਾਦ ਹੋਵੇਗਾ। ਇਸ ਵਾਸਤੇ ਦੇਸ਼ ਦੀ ਰੱਖਿਆ ਤੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਵਾਸਤੇ ਜ਼ਰੂਰੀ ਹੈ ਕਿ ਅਗਨੀਪਥ ਯੋਜਨਾ ਰੱਦ ਕੀਤੀ ਜਾਵੇ। ਕਿਸਾਨਾਂ ਤੇ ਨੌਜਵਾਨਾਂ ਨੇ ਮੰਗ ਕੀਤੀ ਕਿ ਫੌਜ ਵਿੱਚ ਭਰਤੀ ਪਹਿਲਾਂ ਵਾਂਗ ਹੀ ਕੀਤੀ ਜਾਵੇ।
ਇਸ ਮੌਕੇ ਧਨਵੰਤ ਸਿੰਘ ਖਤਰਾਏ ਕਲਾਂ, ਬਲਵਿੰਦਰ ਸਿੰਘ ਦੁਧਾਲਾ,ਜਸਬੀਰ ਸਿੰਘ ਫੌਜੀ , ਅਮਰਜੀਤ ਸਿੰਘ ਫੌਜੀ ਤੇ ਜਤਿੰਦਰ ਸਿੰਘ ਛੀਨਾ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਦੇਸ਼ ਵਿੱਚ ਜਵਾਨੀ ਤੇ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਬਲਾਕਾਰ ਸਿੰਘ ਦੁਧਾਲਾ ਨੇ ਆਏ ਹੋਏ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੇਲੇ ਮਹਿੰਗਾਈ ਅਸਮਾਨ ਛੂਹ ਰਹੀ ਹੈ ਜਿਸ ਬਾਰੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।