ਅੰਮ੍ਰਿਤਸਰ: ਜਨਤਕ ਟਰਾਂਸਪੋਰਟ ਵਿਚ ਸਫਰ ਕਰਨ ਵਾਲੀਆਂ ਕੰਮਕਾਜੀ ਔਰਤਾਂ ਅਤੇ ਵਿਦਿਆਰਥਣਾਂ ਨੂੰ ਸੁਖਾਵਾਂ ਮਾਹੌਲ ਦੇਣ ਅਤੇ ਛੇੜਛਾੜ ਵਾਲਿਆਂ ਤੋਂ ਬਚਾਉਣ ਦੇ ਮੰਤਵ ਨਾਲ ਪੁਲੀਸ ਕਮਿਸ਼ਨਰੇਟ ਦੀ ਪੰਜਾਬ ਪੁਲੀਸ ਮਹਿਲਾ ਮਿੱਤਰ ਹੈਲਪ ਡੈਸਕ ਵਲੋਂ ਅੱਜ ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਵਲੋਂ ਜਾਰੀ ਵਿਮੈਨ ਹੈਲਪ ਲਾਈਨ ਨੰਬਰ 181 ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧ ਵਿਚ ਖਾਲਸਾ ਕਾਲਜ ਦੇ ਸਾਹਮਣੇ ਬੀਆਰਟੀਐਸ ਬੱਸ ਅੱਡੇ ’ਤੇ ਜਾਗਰੂਕਤਾ ਸਮਾਗਮ ਕੀਤਾ ਗਿਆ। ਸਮਾਗਮ ਵਿਚ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਪੰਜਾਬ ਪੁਲੀਸ ਵਲੋਂ ਡਾ ਮਨਪ੍ਰੀਤ, ਬੀਆਰਟੀਐਸ ਦੇ ਮੈਨੇਜਰ ਸਿਮਰਜੋਤ ਸਿੰਘ, ਵੁਮੈਨ ਹੈਲਪ ਡੈਸਕ ਦੀ ਇੰਚਾਰਜ ਐਸਆਈ ਨਵਰੀਤ ਕੌਰ ਸ਼ਾਮਲ ਹੋਏ। ਇਸ ਮੌਕੇ ਦਸਿਆ ਗਿਆ ਕਿ ਘਰੇਲੂ ਹਿੰਸਾ, ਜਨਤਕ ਥਾਵਾਂ ਜਾਂ ਸਫਰ ਦੌਰਾਨ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਇਸ ਨੰਬਰ ’ਤੇ ਕੀਤੀ ਜਾ ਸਕਦੀ ਹੈ ਜੋ 24 ਘੰਟੇ ਕੰਮ ਕਰਦਾ ਹੈ। -ਟਨਸ