ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਜੁਲਾਈ
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਗਰਮੀ ਦਾ ਜ਼ੋਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਨਾਲ ਸ਼ਹਿਰੀ ਤਰਾਹ ਤਰਾਹ ਕਰ ਰਹੇ ਹਨ। ਅੱਜ ਸਵੇਰ ਸਮੇਂ ਲਿਸ਼ਕਦੀ ਧੁੱਪ ਤੋਂ ਬਾਅਦ ਹਵਾ ਚੱਲਣ ਨਾਲ ਲੋਕਾਂ ਨੂੰ ਆਸ ਬੱਝੀ ਸੀ ਕਿ ਮੀਂਹ ਪੈਣ ਨਾਲ ਉਨਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੇਗੀ ਪਰ ਇਹ ਮੀਂਹ ਸ਼ਹਿਰ ਦੇ ਕੁੱਝ ਇਲਾਕਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਸ਼ਹਿਰ ਦੇ ਪੌਸ਼ ਇਲਾਕਿਆਂ ਮਾਲ ਰੋਡ, ਲਾਰੈਂਸ ਰੋਡ, ਰਣਜੀਤ ਐਵਨਿਊ ਤੋਂ ਇਲਾਵਾ ਛੇਹਰਟਾ ਖੇਤਰ ਵਿੱਚ ਤਕਰੀਬਨ ਇੱਕ ਘੰਟਾ ਮੀਂਹ ਪਿਆ। ਇਸ ਨਾਲ ਕਈ ਨੀਵੇਂ ਇਲਾਕਿਆਂ ਤੋਂ ਇਲਾਵਾ ਪ੍ਰਮੁੱਖ ਸੜਕਾਂ ਅਤੇ ਐਲੀਵੇਟਿਡ ਰੋਡ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਮੀਂਹ ਨਾਲ ਲੋਕਾਂ ਨੂੰ ਕੋਈ ਜ਼ਿਆਦਾ ਰਾਹਤ ਨਹੀਂ ਮਿਲੀ ਕਿਉਂਕਿ ਮੀਂਹ ਪੈਣ ਉਪਰੰਤ ਲੱਗੇ ਗਰਮੀ ਦੇ ਚਮਾਸੇ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ। ਸ਼ਾਮ ਸਮੇਂ ਸ਼ਹਿਰ ਦਾ ਤਾਪਮਾਨ 33 ਡਿਗਰੀ ਸੈਲਸ਼ੀਅਸ ਰਿਕਾਰਡ ਕੀਤਾ ਗਿਆ।ਇਸੇ ਦੌਰਾਨ ਕਈ ਲੋਕ ਪ੍ਰਮਾਤਾਮਾ ਅੱਗੇ ਮੀਂਹ ਪਾਉਣ ਦੀਆਂ ਅਰਜ਼ੋਈਆਂ ਕਰਦੇ ਵੀ ਦੇਖੇ ਗਏ।