ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਕਤੂਬਰ
ਟੈਕਸ ਚੋਰੀ ਦੇ ਸ਼ੱਕ ਹੇਠ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਅੱਜ ਇਥੇ ਮਜੀਠ ਮੰਡੀ ਇਲਾਕੇ ਵਿੱਚ ਇੱਕ ਡਰਾਈ ਫਰੂਟ ਦੇ ਵਪਾਰੀ ਦੇ ਦਫਤਰ ਵਿੱਚ ਛਾਪਾ ਮਾਰਿਆ ਹੈ। ਇਹ ਵਪਾਰੀ ਦਾ ਇੱਕ ਮੁੱਖ ਦਫਤਰ ਅੰਮ੍ਰਿਤਸਰ ਅਤੇ ਇਕ ਲੁਧਿਆਣਾ ਵਿੱਚ ਵੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਕਈ ਥਾਵਾਂ ’ਤੇ ਦਫਤਰਾਂ ਦੀਆਂ ਸ਼ਾਖਾਵਾਂ ਹਨ। ਇਸ ਵਪਾਰੀ ਦਾ ਡਰਾਈ ਫਰੂਟ ਦਾ ਵੱਡਾ ਕਾਰੋਬਾਰ ਹੈ ਅਤੇ ਦਰਾਮਦ ਤੇ ਬਰਾਮਦ ਵੀ ਕੀਤੀ ਜਾਂਦੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਮਾਰੇ ਛਾਪੇ ਕਾਰਨ ਮਜੀਠ ਮੰਡੀ ਦੇ ਵਪਾਰੀਆਂ ਵਿਚ ਰੋਹ ਦੀ ਭਾਵਨਾ ਹੈ। ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਇਹ ਇਨਕਮ ਟੈਕਸ ਵਿਭਾਗ ਦੀ ਟੀਮ ਕੱਲ੍ਹ ਸ਼ਾਮ ਇੱਥੇ ਪੁੱਜ ਗਈ ਸੀ, ਜਿਸ ਨੇ ਛਾਪਾ ਮਾਰਿਆ ਅਤੇ ਅੱਜ ਵੀ ਜਾਂਚ ਦਾ ਕੰਮ ਜਾਰੀ ਰਿਹਾ। ਮਿਲੇ ਵੇਰਵਿਆਂ ਮੁਤਾਬਕ ਇਸੇ ਤਰ੍ਹਾਂ ਵਪਾਰੀ ਦੇ ਲੁਧਿਆਣਾ ਦਫਤਰ ਵਿੱਚ ਵੀ ਆਮਦਨ ਕਰ ਦੀ ਟੀਮ ਨੇ ਛਾਪਾ ਮਾਰਿਆ ਗਿਆ ਹੈ। ਛਾਪਾ ਮਾਰਨ ਵਾਲੀ ਇਸ ਟੀਮ ਨੇ ਵਪਾਰੀ ਦੇ ਦਫਤਰ ਵਿੱਚੋਂ ਖ਼ਰੀਦ ਅਤੇ ਵੇਚ ਸਬੰਧੀ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।