ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਜੂਨ
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਕਮਿਸ਼ਨਰੇਟ ਪੁਲਿਸ ਵਲੋਂ ਮੈਰਾਥਨ ਕਰਵਾਈ ਗਈ। ਪੁਲੀਸ ਕਮਿਸ਼ਨਰ ਅਰੁਨ ਪਾਲ ਸਿੰਘ ਨੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੈਰਾਥਨ ਕੰਪਨੀ ਬਾਗ ਮਾਲ ਰੋਡ ਤੋਂ ਸ਼ੁਰੂ ਹੋ ਕੇ ਨਾਵਲਟੀ ਚੌਕ, ਸੈਸ਼ਨ ਚੌਕ, ਕਿਚਲੂ ਚੌਕ ਤੋਂ ਹੁੰਦੀ ਹੋਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਪਤ ਹੋਈ। ਇਸ ਦੌੜ ਵਿੱਚ ਬੱਚਿਆਂ, ਨੌਜਵਾਨਾਂ, ਸੀਨੀਅਰ ਸਿਟੀਜ਼ਨ, ਇੰਟਰਨੈਸ਼ਨਲ ਖਿਡਾਰੀਆਂ, ਬਾਰਡਰ ਰੇਂਜ ਦੇ ਸਪੋਰਟਸ ਕਲੱਬ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਪਬਲਿਕ ਅਤੇ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਓ ਲਈ ਬੈਨਰ, ਪੋਸਟਰ ਤੇ ਪੈਂਫਲੇਟ ਵੰਡੇ ਗਏ।ਇਸ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ ਸੀ। ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਆਰੰਭ ਕੀਤੀ ਮੁਹਿੰਮ ਵਿੱਚ ਸਾਨੂੰ ਸਭ ਨੂੰ ਅੱਗੇ ਆ ਕੇ ਨਸ਼ੇ ਦੇ ਖਿਲਾਫ਼ ਲੜਾਈ ਲੜਨੀ ਚਾਹੀਦੀ ਹੈ।
ਇਸੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਨਸ਼ੇ ਤੋਂ ਆਜ਼ਾਦੀ ਪਖਵਾੜਾ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਅਮਨਜੀਤ ਸਿੰਘ ਜ਼ੋਨਲ ਡਾਇਰੈਕਟਰ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਦੇ ਨਾਲ ਮਾਨਵਜੀਤ ਸਿੰਘ ਅਥਲੈਟਿਕ ਕੋਚ ਯੂਨੀਵਰਸਿਟੀ, ਅਸਿਸਟੈਂਟ ਮਹਿੰਦਰਜੀਤ ਸਿੰਘ ਬੋਪਾਰਾਏ, ਅਸਿਸਟੈਂਟ ਸਬ ਜ਼ੋਨਲ ਯੂਨਿਟ ਅੰਮ੍ਰਿਤਸਰ ਸੰਦੀਪ ਕੁਮਾਰ ਯਾਦਵ ਅਤੇ ਯੂਨੀਵਰਸਿਟੀ ਸੁਪਰਡੈਂਟ ਰਜਨੀਸ਼ ਭਾਰਦਵਾਜ ਮੌਜ਼ੂਦ ਸਨ। ਯੂਨੀਵਰਸਿਟੀ ਕੈਂਪਸ ਵਿੱਚ ਹੋਈ ਇਸ ਪੰਜ ਕਿਲੋਮੀਟਰ ਜਾਗਰੂਕਤਾ ਦੌੜ ਵਿੱਚ 200 ਤੋਂ ਵੱਧ ਲੋਕਾਂ ਤੇ ਸਟਾਫ ਨੇ ਹਿੱਸਾ ਲਿਆ ।
ਜਲੰਧਰ (ਪਾਲ ਸਿੰਘ ਨੌਲੀ): ਕਮਿਸ਼ਨਰੇਟ ਪੁਲੀਸ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਅੱਜ ਸਾਈਕਲ ਰੈਲੀ ਕੱਢੀ ਗਈ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ’ਤੇ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਸਾਈਕਲ ਰੈਲੀ ਕੱਢੀ ਗਈ। ਪੁਲੀਸ ਲਾਈਨ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਮੁੜ ਪੁਲੀਸ ਲਾਈਨ ਪੁੱਜੀ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲੀਸ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਚੌਕਸੀ ਨਾਲ ਲੱਗੀ ਹੋਈ ਹੈ। ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾਉਣ ਤੇ ਉਨ੍ਹਾਂ ਨਾਲ ਗੱਲਬਾਤਾਂ ਦੀ ਸਾਂਝ ਪਾਇਆ ਕਰਨ ਤਾਂ ਜੋ ਨੌਜਵਾਨ ਬੱਚੇ ਬੇਗਾਨਗੀ ਜਾਂ ਇੱਕਲਾਪੇ ਦਾ ਸ਼ਿਕਾਰ ਨਾ ਹੋਣ। ਇਸ ਨਸ਼ਿਆਂ ਵਿਰੁੱਧ ਰੈਲੀ ਵਿੱਚ ਆਪ ਦੇ ਵਿਧਾਇਕ, ਪੁਲੀਸ ਅਧਿਕਾਰੀਆਂ ਸਮੇਤ ਹੋਰ ਲੋਕ ਵੀ ਸ਼ਾਮਲ ਹੋਏ।
ਫਗਵਾੜਾ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ
ਫਗਵਾੜਾ (ਪੱਤਰ ਪ੍ਰੇਰਕ): ਐਂਟੀ ਕੁਰੱਪਸ਼ਨ ਫੈਡਰੇਸ਼ਨ ਫ਼ਾਰ ਪਿਊਪਲਜ਼ ਵਲੋਂ ਇੰਡਸਟਰੀ ਏਰੀਆ ਵਿਖੇ ‘ਨਸ਼ਾ ਵਿਰੋਧੀ ਦਿਵਸ’ ਮਨਾਇਆ ਗਿਆ ਜਿਸ ’ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਪ੍ਰਧਾਨਗੀ ਡੀ.ਐਸ.ਪੀ. ਅਸ਼ਰੂ ਰਾਮ ਸ਼ਰਮਾ ਨੇ ਕੀਤੀ। ਡੀ.ਐਸ.ਪੀ. ਨੇ ਹਾਜ਼ਰ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਐਸ.ਐਚ.ਓ ਸਿਟੀ ਅਮਨਦੀਪ ਨਾਹਰ, ਡਾ. ਦਰਸ਼ਨ ਕਟਾਰੀਆਂ, ਤੁਲਸੀ ਰਾਮ ਖੋਸਲਾ ਡਾਇਰੈਕਟਰ ਫੈਡਰੇਸ਼ਨ ਵੀ ਸ਼ਾਮਿਲ ਸਨ।