ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਮਈ
ਪੰਜਾਬ ਵਿਚ ਆਪ ਸਰਕਾਰ ਬਣਨ ਤੋਂ ਬਾਅਦ ਹੋਟਲ ਕਾਰੋਬਾਰੀਆਂ ਨੂੰ ਵੀ ਨਵੀਂ ਸਰਕਾਰ ਤੋਂ ਕਈ ਉਮੀਦਾਂ ਹਨ। ਉਨ੍ਹਾਂ ਨੇ ਇਸ ਕਾਰੋਬਾਰ ਨੂੰ ‘ਸਨਅਤ’ ਦਾ ਦਰਜਾ 2009 ਵਿਚ ਮਿਲਣ ਦੇ ਬਾਵਜੂਦ ਹੁਣ ਤਕ ਸਨਅਤਾਂ ਵਾਲੀਆਂ ਸਹੂਲਤਾਂ ਨਾ ਮਿਲਣ ਦਾ ਮਾਮਲਾ ਸਰਕਾਰ ਕੋਲ ਰੱਖਿਆ ਹੈ। ਇਸ ਸਬੰਧ ਵਿਚ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ (ਅਹਾਰਾ) ਸਿਵਲ ਲਾਈਨ ਨੇ ਇਹ ਮਾਮਲਾ ਸਾਬਕਾ ਆਈਜੀ ਅਤੇ ਮੌਜੂਦਾ ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਕੋਲ ਰੱਖਿਆ ਹੈ। ਅਹਾਰਾ ਵਲੋਂ ਇਸ ਸਬੰਧ ਵਿਚ ਇਕ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਇਸ ਮੀਟਿੰਗ ਵਿਚ ਵੱਖ ਵੱਖ ਹੋਟਲਾਂ ਦੇ ਮਾਲਕਾਂ ਵਲੋਂ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ। ਅਹਾਰਾ ਦੇ ਪ੍ਰਧਾਨ ਕੇ ਪੀ ਐਸ ਚੱਠਾ ਨੇ ਇਸ ਨੋਟੀਫਿਕੇਸ਼ਨ ਬਾਰੇ ਵਿਸਥਾਰ ਵਿਚ ਆਪ ਵਿਧਾਇਕ ਨੂੰ ਦੱਸਿਆ। ਉਨ੍ਹਾਂ ਅਪੀਲ ਕੀਤੀ ਕਿ 2009 ਵਿਚ ਜਾਰੀ ਹੋਏ ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਇਆ ਜਾਵੇ। ਵਿਧਾਇਕ ਸ੍ਰੀ ਕੁੰਵਰ ਵਿਜੇ ਪ੍ਰਤਾਪ ਨੇ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ।