ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਅਪਰੈਲ
ਇੱਥੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਲੜਕੀਆਂ ਨਾਲ ਕਥਿਤ ਤੌਰ ’ਤੇ ਵਾਰ-ਵਾਰ ਹੁੰਦੀਆਂ ਛੇੜਛਾੜ ਦੀਆਂ ਘਟਨਾਵਾਂ ਵਿਰੁੱਧ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਲਾਇਬ੍ਰੇਰੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਕੈਂਪਸ ਵਿੱਚ ਰੋਸ ਮਾਰਚ ਕਰਦੇ ਹੋਏ ਉਪ ਕੁਲਪਤੀ ਦੇ ਨਾਂ ਡੀਨ (ਅਕਾਦਮਿਕ ਮਾਮਲੇ) ਅਤੇ ਰਜਿਸਟਰਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੈਂਪਸ ਅੰਦਰ ਦਿਨੋਂ-ਦਿਨ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਧ ਰਹੀਆਂ ਹਨ ਜੋ ਕਿ ਸ਼ਰਮਨਾਕ ਹਨ, ਜਿਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਮਸਲੇ ਵੱਲ ਸੰਜੀਦਗੀ ਨਾਲ ਧਿਆਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ’ਚ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਰਾਤ ਵੇਲੇ ਲਾਈਟਾਂ ਦੇ ਪੁਖਤਾ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ, ਮੁੱਖ ਰਸਤਿਆਂ ’ਤੇ ਕੈਮਰਿਆਂ ਅਤੇ ਸੁਰੱਖਿਆ ਗਾਰਡਾਂ ਦਾ ਪ੍ਰਬੰਧ ਕੀਤਾ ਜਾਵੇ ਜੋ ਗਸ਼ਤ ਕਰਦੇ ਰਹਿਣ। ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਵਿੱਚ ਛੇਤੀ ਹੀ ਇੰਤਜ਼ਾਮ ਕਰਨਗੇ ਤੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸਿਮਰ ਗੋਪਾਲਪੁਰ, ਲਵਪ੍ਰੀਤ ਮਾੜੀਮੇਘਾ, ਰਵਿੰਦਰ ਆਦਿ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।