ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ. 12 ਸਤੰਬਰ
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਯੂਨੀਅਨ ਨਾਲ ਹੋ ਰਹੀ ਧੱਕੇਸ਼ਾਹੀ ਦੇ ਰੋਸ ਵਜੋਂ ਅੱਜ ਬੀਬੀਕੇਡੀਏਵੀ ਕਾਲਜ ਫਾਰ ਵਿਮੈਨ ਵਿੱਚ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਪ੍ਰਧਾਨ ਰਮਨ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਾਨ ਟੀਚਿੰਗ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ’ਤੇ ਏਡਿਡ ਕਾਲਜਾਂ ਵਿੱਚ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਦਸੰਬਰ 2011 ਤੋਂ ਸੋਧੇ ਹੋਏ ਗਰੇਡ ਤਨਖਾਹ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਅਗਸਤ 2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ ਵਧਾ ਕੇ ਦਿੱਤਾ ਜਾਵੇ, 2017 ਤੋਂ ਪੰਜ ਫੀਸਦ ਅੰਤ੍ਰਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਹੋਵੇ , ਏਡਿਡ ਕਾਲਜਾਂ ਦੀਆਂ ਨਾਨ ਟੀਚਿੰਗ ਦੀਆਂ ਖਾਲੀ ਅਸਾਮੀਆਂ ਭਰਨ ਤੇ ਲੱਗੀ ਰੋਕ ਹਟਾਈ ਜਾਵੇ ਅਤੇ ਏਡਿਡ ਕਾਲਜਾਂ ਵਿੱਚ ਠੇਕੇ ਦੇ ਆਧਾਰ ਤੇ ਤਿੰਨ ਸਾਲ ਪੂਰੇ ਕਰ ਚੁੱਕੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।