ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਮਾਰਚ
ਠੇਕੇ ’ਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਬੱਸ ਵਰਕਰਜ਼ ਯੂਨੀਅਨ ਨੇ ਅੰਮ੍ਰਿਤਸਰ ਡਿਪੂ ਵਿਖੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਇਸੇ ਮੰਗ ਨੂੰ ਲੈ ਕੇ ਭਲਕੇ 12 ਅਤੇ 13 ਮਾਰਚ ਨੂੰ ਦੋ ਦਿਨ ਪਟਿਆਲਾ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ। ਜਥੇਬੰਦੀ ਦੇ ਪ੍ਰਧਾਨ ਹੀਰਾ ਸਿੰਘ ਨੇ ਆਖਿਆ ਕਿ ਪਿਛਲੇ ਲਗਪਗ 14 ਸਾਲਾਂ ਤੋਂ ਪਨਬਸ ਕਾਮਿਆਂ ਨੂੰ ਪੱਕਾ ਕਰਨ ਲਈ ਲਗਾਤਾਰ ਜੱਦੋ ਜਹਿਦ ਚੱਲ ਰਹੀ ਹੈ। ਇਸ ਸਬੰਧੀ 2016 ਵਿਖੇ ਇਕ ਐਕਟ ਵੀ ਬਣਿਆ ਸੀ। ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਸਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੂਹ ਠੇਕਾ ਆਧਾਰਿਤ ਕਾਮੇ ਭਲਕੇ ਦੋ ਦਿਨ ਦੀ ਛੁੱਟੀ ਲੈ ਕੇ ਪਟਿਆਲਾ ਪੁੱਜਣਗੇ, ਜਿਥੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਦੌਰਾਨ ਇਨ੍ਹਾਂ ਕਾਮਿਆਂ ਦੇ ਬੱਚਿਆਂ ਦੇ ਭਵਿੱਖ ਬਾਰੇ ਕਿਉਂ ਨਹੀਂ ਸੋਚਿਆ। ਉਨ੍ਹਾਂ ਆਖਿਆ ਕਿ ਵਿਤ ਮੰਤਰੀ ਨੇ ਬਜਟ ਵਿਚ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ ਜਦੋਂਕਿ ਇਸ ਵੇਲੇ ਪੰਜਾਬ ਰੋਡਵੇਜ਼ ਦੀਆਂ 2200 ਬੱਸਾਂ ਵਿਚੋਂ ਸਿਰਫ 350 ਬੱਸਾਂ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਪਨਬਸ ਵਿਚ ਕਰਜ਼ੇ ’ਤੇ ਲਈਆਂ ਬੱਸਾਂ ਸ਼ਾਮਲ ਹਨ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਪਨਬਸ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਸੂਬਾ ਸਰਕਾਰ ਵਲੋਂ ਲਗਾਤਾਰ ਟਾਲ-ਮਟੋਲ ਕਰਨ ਖ਼ਿਲਾਫ਼ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਤਿੰਨ-ਰੋਜ਼ਾ ਹੜਤਾਲ ਦੇ ਸੱਦੇ ’ਤੇ ਅੱਜ ਪਹਿਲੇ ਦਿਨ ਤਰਨ ਤਾਰਨ ਡਿਪੂ ਵਿੱਚ ਮੁਕੰਮਲ ਹੜਤਾਲ ਕੀਤੀ ਗਈ| ਪਨਬਸ ਮੁਲਾਜਮਾਂ ਵਲੋਂ ਹੜਤਾਲ ਦੌਰਾਨ ਰੋਡਵੇਜ਼ ਡਿਪੂ ਦੇ ਸਾਹਮਣੇ ਗੇਟ-ਰੈਲੀ ਕੀਤੀ| ਰੈਲੀ ਵਿੱਚ ਸਮੂਹ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ| ਰੈਲੀ ਨੂੰ ਜਥੇਬੰਦੀ ਦੇ ਡਿਪੂ ਪ੍ਰਧਾਨ ਸਤਨਾਮ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਨਿਰਭੈ ਸਿੰਘ, ਬਚਿੱਤਰ ਸਿੰਘ, ਦਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਨ ਦੀ ਨਿਖੇਧੀ ਕੀਤੀ| ਇਥੇ ਕੀਤੀ ਰੈਲੀ ਦੌਰਾਨ ਮੁਲਾਜਮਾਂ ਸੂਬਾ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ|