ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਦਸੰਬਰ
ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਅੰਮ੍ਰਿਤਸਰ ਸਮਾਰਟ ਸਿਟੀ ਦੇ ‘ਰਾਹੀ’ (ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ) ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੀਤੀ। ਇਸ ਮੌਕੇ ਅੰਮ੍ਰਿਤਸਰ ਸਮਾਰਟ ਸਿਟੀ ਦੀ ਸੀ.ਈ.ਓ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੀ ਮੌਜੂਦ ਸਨ। ਮੇਅਰ ਨੇ ਇਸ ਮੌਕੇ ‘ਰਾਹੀ’ ਪ੍ਰਾਜੈਕਟ ਦਾ ਵੀਡੀਓ ਟਰੇਲਰ ਅਤੇ ਵੈਬ ਪੋਰਟਲ ਵੀ ਲਾਂਚ ਕੀਤਾ। ਇਸ ਮੌਕੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਰਾਹੀ ਪ੍ਰੋਜੈਕਟ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐੱਫ.ਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੈਅਰਸ (ਐਨ.ਆਈ.ਯੂ.ਏ) ਵੱਲੋਂ ਚਲਾਏ ਜਾ ਰਹੇ ਸਿਟੀਜ਼ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਅੱਜ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ ਅਤੇ ਪਿਆਜੀਓ ਕੰਪਨੀਆਂ ਨੂੰ ਹੁਣ ਤੱਕ ਇਸ ਸਕੀਮ ਤਹਿਤ ਸੂਚੀਬੱਧ ਕੀਤਾ ਗਿਆ ਹੈ ਅਤੇ ਕੋਈ ਵੀ ਆਟੋ ਚਾਲਕ ਜੋ ਆਪਣਾ ਪੁਰਾਣਾ ਡੀਜ਼ਲ ਆਟੋ ਬਦਲਣਾ ਚਾਹੁੰਦਾ ਹੈ, ਉਹ ਸੂਚੀਬੱਧ ਕੰਪਨੀਆਂ ਦੀ ਡੀਲਰਸ਼ਿਪ ਕੋਲ ਜਾ ਕੇ ਆਪਣੀ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਭ ਤੋਂ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ਦਾ ਮੌਕਾ ਦਿੱਤਾ ਜਾਵੇਗਾ। ਮੇਅਰ ਰਿੰਟੂ ਨੇ ਕਿਹਾ ਕਿ ਰਾਹੀ ਪ੍ਰੋਜੈਕਟ ਨਾਲ ਜਿਥੇ ਸ਼ਹਿਰ ਦਾ ਵਾਤਾਵਰਣ ਸਾਫ਼ ਬਣੇਗਾ, ਉਥੇ ਹੀ ਈ-ਆਟੋ ਨਾਲ ਰਿਕਸ਼ਾ ਚਾਲਕਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਰਾਹੀ ਪ੍ਰੋਜੈਕਟ ਤਹਿਤ ਹਰੇਕ ਲਾਭਪਾਤਰੀ ਨੂੰ 75,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਈ-ਆਟੋ ਖਰੀਦਣ ਲਈ ਭਾਰਤੀ ਸਟੇਟ ਬੈਂਕ ਤੋਂ ਆਸਾਨ ਦਰਾਂ ’ਤੇ ਲੋਨ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਰਾਹੀ ਪ੍ਰਾਜੈਕਟ ਤਹਿਤ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਔਰਤਾਂ ਲਈ ਮੁਫਤ ਹੁਨਰ ਵਿਕਾਸ ਦੇ ਕੋਰਸ ਵੀ ਸ਼ੁਰੂ ਕੀਤੇ ਗਏ ਹਨ, ਜਿਥੇ ਉਹ ਕਟਿੰਗ ਐਂਡ ਟੇਲਰਿੰਗ, ਬਿਊਟੀ ਪਾਰਲਰ, ਕੰਪਿਊਟਰ ਆਪਰੇਟਰ ਅਤੇ ਫੂਡ ਐਂਡ ਫਰੂਟ ਪ੍ਰੀਜ਼ਰਵੇਸ਼ਨ ਵਰਗੇ ਕੋਰਸ ਕਰ ਸਕਦੀਆਂ ਹਨ।
ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ‘ਰਾਹੀ’ ਪ੍ਰਾਜੈਕਟ ਲਈ ਨਿਯੁਕਤ ਮੈਂਟੋਰ ਪ੍ਰਾਂਜਲੀ ਦੇਸ਼ਪਾਂਡੇ ਨੇ ਕਿਹਾ ਕਿ ਅੰਮ੍ਰਿਤਸਰ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿੱਥੇ ਈ-ਆਟੋ ਨੂੰ ਇੰਨੇ ਵੱਡੇ ਪੱਧਰ ’ਤੇ ਜਨਤਕ ਆਵਾਜਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਬੇਹੱਦ ਭੀੜ ਰਹਿੰਦੀ ਹੈ ਅਤੇ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਹਵਾ ਦੀ ਗੁਣਵੱਤਾ ਵੀ ਚੰਗੀ ਨਹੀਂ ਹੈ ਅਤੇ ਲੋਕਾਂ ਦੀ ਸਿਹਤ ਨੂੰ ਬਚਾਉਣਾ ਅਤਿ ਅਹਿਮ ਹੈ