ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਮਈ
ਪਸ਼ੂਆਂ ਨੂੰ ਤੂੜੀ ਦੀ ਆ ਰਹੀ ਘਾਟ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਨੇ ਫੈਕਟਰੀਆਂ ਵਿੱਚ ਬਾਲਣ ਵਜੋਂ ਤੂੜੀ ਦੀ ਵਰਤੋਂ ਕਰਨ ਉੱਤੇ ਰੋਕ ਲਗਾ ਦਿੱਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਤੂੜੀ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦੇ ਤੂੜੀ ਨੂੰ ਪੰਜਾਬ ਤੋਂ ਬਾਹਰ ਭੇਜਣ ਉੱਤੇ ਵੀ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤੂੜੀ ਦੀ ਘਾਟ ਹੋਣ ਕਰ ਕੇ ਡੇਅਰੀ ਫਾਰਮ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਫੈਕਟਰੀਆਂ, ਬੁਆਇਲਰਾਂ ਵਿੱਚ ਵੀ ਜੋ ਬਾਲਣ ਖ਼ਪਤ ਹੋਣਾ ਚਾਹੀਦਾ ਹੈ, ਉਸ ਦੀ ਜਗ੍ਹਾ ਤੂੜੀ ਦਾ ਜ਼ਿਆਦਾਤਾਰ ਇਸਤੇਮਾਲ ਬਾਲਣ ਵਜੋਂ ਕਰ ਰਹੀਆਂ ਹਨ। ਇਸ ਨਾਲ ਡੇਅਰੀ ਫਾਰਮ ’ਤੇ ਨਿਰਭਰ ਕਿਸਾਨਾਂ-ਮਜ਼ਦੂਰਾਂ ਨੂੰ ਤੂੜੀ ਦੀ ਘਾਟ ਦੀ ਸਮੱਸਿਆ ਆ ਰਹੀ ਹੈ। ਇਸ ਘਾਟ ਕਾਰਨ ਡੰਗਰਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਇਸ ਕਾਰਨ ਕਿਸਾਨਾਂ ਵਿਚ ਰੋਸ ਹੈ ਅਤੇ ਅਮਨ ਅਤੇ ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਹੈ।
ਇਸ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਤੂੜੀ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਲਿਜਾਣ ਅਤੇ ਤੂੜੀ ਦੇ ਵੱਡੀਆਂ ਫੈਕਟਰੀਆਂ, ਬੁਆਇਲਰਾਂ ਵਿਚ ਬਾਲਣ ਦੇ ਤੌਰ ’ਤੇ ਇਸਤੇਮਾਲ ਹੋਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਤੁਰੰਤ ਲਾਗੂ ਕੀਤਾ ਗਿਆ ਅਤੇ ਇਹ ਪਾਬੰਦੀ 30 ਜੂਨ ਤੱਕ ਲਾਗੂ ਰਹੇਗੀ।