ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਪਰੈਲ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਦੇ ਨਵੇਂ ਆਏ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਨ੍ਹਾਂ ਤੋਂ ਪਹਿਲਾਂ ਡਾ ਸੁਖਚੈਨ ਸਿੰਘ ਗਿੱਲ ਪੁਲੀਸ ਕਮਿਸ਼ਨਰ ਸਨ, ਜਿਨ੍ਹਾਂ ਅੱਜ ਅਹੁਦੇ ਦਾ ਕਾਰਜਭਾਰ ਛੱਡਿਆ ਅਤੇ ਨਵੇਂ ਆਏ ਪੁਲੀਸ ਕਮਿਸ਼ਨਰ ਨੂੰ ਕਾਰਜਭਾਰ ਸੌਂਪਿਆ। ਉਨ੍ਹਾਂ ਨਵੇਂ ਕਮਿਸ਼ਨਰ ਅਰੁਣ ਪਾਲ ਸਿੰਘ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਤਜਰਬੇ ਵੀ ਸਾਂਝੇ ਕੀਤੇ।
ਨਵੇਂ ਕਮਿਸ਼ਨਰ ਨੇ ਆਖਿਆ ਕਿ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਗੁਰੂ ਨਗਰੀ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਇਸ ਲਈ ਟਰੈਫਿਕ ਵਿਵਸਥਾ ਨੂੰ ਠੀਕ ਕੀਤਾ ਜਾਵੇਗਾ ਅਤੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਰੁਣ ਪਾਲ ਸਿੰਘ 1997 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਜਿਨ੍ਹਾਂ ਸਾਲ 1998-99 ਵਿੱਚ ਅੰਮ੍ਰਿਤਸਰ ਵਿੱਚ ਏਐੱਸਪੀ ਵਜੋਂ ਪੁਲੀਸ ਸੇਵਾ ਦੀ ਸ਼ੁਰੂਆਤ ਕੀਤੀ ਸੀ। ਅੱਜ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਨੂੰ ਪੰਜਾਬ ਪੁਲੀਸ ਦੇ ਜਵਾਨਾਂ ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿੱਚ ਸਨਮਾਨਿਤ ਵੀ ਕੀਤਾ ਗਿਆ।