ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਗਸਤ
ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਖ਼ਿਲਾਫ਼ ਅਪਰਾਧ ਨੂੰ ਰੋਕਣਾ ਸਮੇਂ ਦੀ ਵੱਡੀ ਲੋੜ ਹੈ। ਉਹ ਅੱਜ ਇੱਥੇ ਫਿੱਕੀ ਫਲੋ ਸੰਸਥਾ ਵੱਲੋਂ ਕੀਤੇ ਗਏ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ ।
ਅੱਜ ਸ਼ਾਮ ਇੱਥੇ ਕੀਤੇ ਗਏ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਖ਼ਿਲਾਫ਼ ਅਪਰਾਧ ਦੀ ਦਰ ਵਿੱਚ ਵਾਧਾ ਹੋਇਆ ਹੈ ਅਤੇ ਖਾਸ ਕਰਕੇ ਦਿੱਲੀ ਵਰਗੇ ਇਲਾਕੇ ਵਿਚ ਅਪਰਾਧ ਦੀ ਦਰ ਵਧੀ ਹੈ । ਇਨ੍ਹਾਂ ਵਿਚ ਵਧੇਰੇ ਕੇਸ ਜ਼ਬਰ ਜਨਾਹ, ਹਿੰਸਾ ਅਤੇ ਦਾਜ ਕਾਰਨ ਮੌਤਾਂ ਦੇ ਹਨ ।
ਫਿੱਕੀ ਫਲੋ ਸੰਸਥਾ ਵੱਲੋਂ ਅੱਜ ਇੱਥੇ ‘ਆਤਮ ਨਿਰਭਰ ਬੇਟੀਆਂ’ ਦੇ ਨਾਂ ਹੇਠ ਔਰਤ ਸਸ਼ਕਤੀਕਰਨ ਬਾਰੇ ਸਮਾਗਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ । ਪੰਜਾਬ ਨੂੰ ‘ਕੁੜੀ ਮਾਰ ਸੂਬਾ’ ਕਿਹਾ ਜਾਣ ਲੱਗ ਪਿਆ ਸੀ, ਪਰ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਜਥੇਬੰਦੀ ‘ਨੰਨ੍ਹੀ ਛਾਂ’ ਨੇ ਸੂਬੇ ਵਿੱਚ ਲਗਪਗ 13 ਹਜ਼ਾਰ ਕੁੜੀਆਂ ਨੂੰ ਸਵੈ-ਨਿਰਭਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਜਥੇਬੰਦੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੇ ‘ਕੁੱਖ ਤੇ ਰੁੱਖ’ ਦੀ ਰਾਖੀ ਨਾਅਰਾ ਦਿੱਤਾ ਸੀ। ਉਸ ਵੇਲੇ ਲਗਪਗ ਪੈਂਤੀ ਲੱਖ ਬੂਟੇ ਵੰਡੇ ਗਏ ਸਨ ।
‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਕਿਸੇ ਇਕ ਔਰਤ ਨੂੰ ਵੀ ਇਹ ਪੈਸੇ ਨਹੀਂ ਮਿਲੇ ਹਨ।