ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਇਥੇ ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਚੋਣ ਹਲਕਿਆਂ ਨਾਲ ਸਬੰਧਤ ਵੋਟਰ ਸੂਚੀ ਸਾਲ-2022 ਦੀ ਮੁਢਲੀ ਪ੍ਰਕਾਸ਼ਨਾ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਈ ਮੀਟਿੰਗ ਵਿੱਚ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਸਾਲ-2022 ਦੀ ਮੁਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 1 ਨਵੰਬਰ ਤੋਂ 30 ਨਵੰਬਰ ਤੱਕ ਆਮ ਜਨਤਾ ਅਤੇ ਵੋਟਰਾਂ ਵੱਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਵੋਟਾਂ ਬਣਾਉਣ ਯੂਥ ਫੈਸਟੀਵਲ ਵਿੱਚ ਪਹੁੰਚਿਆ ਪ੍ਰਸ਼ਾਸਨ
ਅੰਮ੍ਰਿਤਸਰ (ਪੱਤਰ ਪ੍ਰੇਰਕ): ਵੋਟਰ ਸੂਚੀਆਂ ਦੀ ਚੱਲ ਰਹੀ ਸੁਧਾਈ ਅਤੇ ਨਵੇਂ ਵੋਟਰ ਬਣਾਉਣ ਦੀ ਚੱਲ ਰਹੀ ਪ੍ਰਕਿਰਿਆ ਵਿਚ ਨੌਜਵਾਨਾਂ ਦਾ ਸਾਥ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਚੱਲ ਰਹੇ ਯੂਥ ਫੈਸਟੀਵਲ ਤਕ ਪਹੁੰਚ ਕੀਤੀ ਅਤੇ ਇਸ ਮੰਚ ਤੋਂ ਨੌਜਵਾਨਾਂ ਨੂੰ ਵੋਟਰ ਬਣਨ ਲਈ ਪ੍ਰੇਰਿਤ ਕੀਤਾ। ਐੱਸਡੀਐੱਮ ਅੰਮ੍ਰਿਤਸਰ ਟੀ ਬੈਨਿਕ ਦੀ ਅਗਵਾਈ ਹੇਠ ਇਸ ਕੰਮ ਵਿਚ ਲੱਗੀ ਟੀਮ ਨੇ ਯੂਥ ਫੈਸਟੀਵਲ ਵਿਚ ਸਟਾਲ ਲਾ ਕੇ ਨੌਜਵਾਨਾਂ ਨੂੰ ਵੋਟਰ ਬਣਨ ਲਈ ਜਾਣਕਾਰੀ ਦਿੱਤੀ। ਇਸ ਮੌਕੇ ਯੂਥ ਫੈਸਟੀਵਲ ਤੋਂ ਬਾਅਦ ਸ੍ਰੀ ਟੀ ਬੈਨਿਕ ਨੇ ਖਾਲਸਾ ਕਾਲਜ ਅਤੇ ਖਾਲਸਾ ਕਾਲਜ ਫਾਰ ਵੂਮੈਨ ਵਿਚ ਵੀ ਪਹੁੰਚ ਕੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਆ।