ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਅੰਮ੍ਰਿਤਸਰ ਤੋਂ ਉਮੀਦਵਾਰ ਈਮਾਨ ਸਿੰਘ ਮਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਹਰਪਾਲ ਸਿੰਘ ਬਲੇਰ ਤੇ ਹੋਰਨਾਂ ਨੇ ਅਟਾਰੀ ਸਰਹੱਦ ਪੁੱਜ ਕੇ ਪਾਕਿਸਤਾਨ ਨਾਲ ਦੁਵੱਲਾ ਵਪਾਰ ਮੁੜ ਸ਼ੁਰੂ ਕਰਨ ਸਬੰਧੀ ਅਰਦਾਸ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਟੀਮ ਵੱਲੋਂ ਸਰਹੱਦ ’ਤੇ ਪਹੁੰਚ ਕੇ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਤੇ ਆਪਸੀ ਸਬੰਧ ਵਧਾਉਣ ਦੀ ਅਰਦਾਸ ਕੀਤੀ ਗਈ। ਇਸ ਮੌਕੇ ਈਮਾਨ ਸਿੰਘ ਮਾਨ ਨੇ ਕਿਹਾ ਕਿ ਫ਼ਿਰਕਾਪ੍ਰਸਤ ਸਰਕਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਦੋਵਾਂ ਦੇਸ਼ਾਂ ਵਿਚਾਲੇ ਕੰਡਿਆਲੀ ਤਾਰ ਤੋਂ ਇਲਾਵਾ ਨਫ਼ਰਤ ਦੀ ਬਹੁਤ ਵੱਡੀ ਦੀਵਾਰ ਖੜ੍ਹੀ ਕਰ ਦਿੱਤੀ ਹੈ, ਜਿਸ ਦਾ ਖ਼ਮਿਆਜ਼ਾ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ।
ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਇਹ ਸਰਹੱਦਾਂ ਖੁੱਲ੍ਹਣ ਤਾਂ ਜੋ ਆਪਸੀ ਨੇੜਤਾ ਦੇ ਨਾਲ-ਨਾਲ ਵਪਾਰਕ ਸਾਂਝ ਵੀ ਵਧੇ। ਇਸ ਮੌਕੇ ਅਮਰੀਕ ਸਿੰਘ ਨੰਗਲ ਜਸਬੀਰ ਸਿੰਘ ਬਚੜੇ, ਬਾਬਾ ਲਹਿਣਾ ਸਿੰਘ, ਜਸਬੀਰ ਸਿੰਘ ਵਡਾਲੀ, ਕੁਲਵੰਤ ਸਿੰਘ ਸਰਪੰਚ, ਰਵੀਸ਼ੇਰ ਸਿੰਘ ਯੂਥ ਵਿੰਗ ਸਮੇਤ ਹੋਰ ਮੋਹਤਬਰ ਹਾਜ਼ਰ ਸਨ।