ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਚਾਟੀਵਿੰਡ ਗੇਟ ਸਥਿਤ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿੱਚ ਨਵੇਂ ਵਰ੍ਹੇ ਦੀ ਆਮਦ ’ਤੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਕਰਵਾਇਆ ਗਿਆ, ਜਿਸ ਦੇ ਭੋਗ ਮੌਕੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਸਨ।ਇਸੇ ਤਰ੍ਹਾਂ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵਿਮੈੱਨ ਦੀ ਆਰਈਆ ਯੁਵਤੀ ਸਭਾ ਵੱਲੋਂ ਕਾਲਜ ਵਿੱਚ ਨਵੇਂ ਸਾਲ ਦੇ ਸ਼ੁਭ ਮੌਕੇ ‘ਵੈਦਿਕ ਹਵਨ ਯੱਗ’ ਦਾ ਕੀਤਾ ਗਿਆ। ਇਸ ਮੌਕੇ ਸੁਦਰਸ਼ਨ ਕਪੂਰ (ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ) ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੀ ਸ਼ਾਮਲ ਹੋਏ।
ਸ਼ਾਹਕੋਟ (ਪੱਤਰ ਪ੍ਰੇਰਕ): ਇੱਥੋਂ ਦੇ ਬੱਸ ਅੱਡੇ ’ਤੇ ਟੈਕਸੀ ਸਟੈਂਡ ਯੂਨੀਅਨ ਸ਼ਾਹਕੋਟ ਨੇ ਨਵੇਂ ਸਾਲ ਨੂੰ ਖੁਸ਼ਆਮਦੀਨ ਕਹਿਣ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਟੈਕਸੀ ਯੂਨੀਅਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਚੀਫ਼ ਖ਼ਾਲਸਾ ਦੀਵਾਨ ਵਿਖੇ ਅਰਦਾਸ ਸਮਾਗਮ
ਅੰਮ੍ਰਿਤਸਰ (ਪੱਤਰ ਪ੍ਰੇਰਕ): ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਵੇਂ ਸਾਲ ਮੌਕੇ ਅਰਦਾਸ ਸਮਾਗਮ ਕੀਤਾ ਗਿਆ, ਜਿਸ ਤਹਿਤ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰ ਤੇ ਮੈਂਬਰ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਤਮਸਤਕ ਹੋਏ ਅਤੇ ਗੁਰੂ ਸਾਹਿਬਾਨ ਅੱਗੇ 2021 ਵਿੱਚ ਚੀਫ ਖ਼ਾਲਸਾ ਦੀਵਾਨ ਦੀਆਂ ਸਫਲਤਾਵਾਂ ਅਤੇ ਕਿਸਾਨ ਅੰਦੋਲਨ ਵੀ ਫ਼ਤਹਿਯਾਬੀ ਲਈ ਸ਼ੁਕਰਾਨਾ ਅਤੇ 2022 ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਹੋਰ ਤਰੱਕੀ ਤੇ ਲੋਕ ਭਲਾਈ ਦੇ ਕਾਰਜ ਕਰਨ ਹਿੱਤ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਕੀਰਤਨੀ ਜਥੇ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਠਾਕੁਰ ਮੰਟੂ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ
ਪਠਾਨਕੋਟ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਸੁਜਾਨਪੁਰ ਵਾਸੀਆਂ ਨਾਲ ਗੁਜ਼ਾਰਿਆ ਅਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਉਨ੍ਹਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।