ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਜੂਨ
ਸ਼ਹਿਰ ਵਿੱਚ ਬੀਤੀ ਰਾਤ ਝੱਖੜ ਤੇ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ, ਬੋਰਡ ਅਤੇ ਖੰਭੇ ਆਦਿ ਡਿੱਗ ਪਏ ਹਨ। ਇਸ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਬੀਤੀ ਰਾਤ ਲਗਭਗ 9 ਵਜੇ ਚਲੇ ਝੱਖੜ ਦੇ ਨਾਲ ਭਾਰੀ ਮੀਂਹ ਪਿਆ ਜਿਸ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਸਥਾਨਕ ਟੇਲਰ ਰੋਡ ਅਤੇ ਹੋਰ ਕਈ ਥਾਵਾਂ ’ਤੇ ਦਰੱਖਤਾਂ ਦੇ ਵੱਡੇ ਟਾਹਣੇ ਡਿੱਗੇ ਹੋਏ ਹਨ। ਇਸ ਨਾਲ ਬਿਜਲੀ ਸਪਲਾਈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸਥਾਨਕ ਪ੍ਰਤਾਪ ਨਗਰ ਇਲਾਕੇ ਵਿੱਚ ਤਾਂ ਅੱਜ ਦੁਪਹਿਰ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ। ਇਸੇ ਤਰ੍ਹਾਂ ਦਿਹਾਤੀ ਇਲਾਕਿਆਂ ਵਿਚ ਵੀ ਕਈ ਥਾਵਾਂ ’ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਬੀਤੀ ਰਾਤ ਤੇਜ਼ ਝੱਖੜ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲ ਤਖ਼ਤ ਦੇ ਸਾਹਮਣੇ ਲੱਗੇ ਤੰਬੂ ਵੀ ਉੱਡ ਗਏ। ਇਹ ਵੀਡੀਓ ਕਿਸੇ ਸ਼ਰਧਾਲੂ ਵੱਲੋਂ ਮੌਕੇ ’ਤੇ ਬਣਾਈ ਗਈ ਸੀ। ਇਹ ਤੱਬੂ ਇੱਥੇ ਸ਼ਰਧਾਲੂਆਂ ਨੂੰ ਧੁੱਪ ਤੋਂ ਬਚਾਉਣ ਲਈ ਲਾਏ ਗਏ ਸਨ। ਭਾਰੀ ਮੀਂਹ ਦੇ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਸਵੇਰ ਤੱਕ ਪਾਣੀ ਭਰਿਆ ਰਿਹਾ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਮੀਂਹ ਕਾਰਨ ਪਾਰਾ ਹੇਠਾਂ ਡਿੱਗਿਆ ਹੈ ਜਿਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਇਸ ਮੀਂਹ ਨੂੰ ਖੇਤੀਬਾੜੀ ਲਈ ਵੀ ਲਾਹੇਵੰਦ ਦੱਸਿਆ ਗਿਆ ਹੈ। ਇਲਾਕਾ ਵਾਸੀਆਂ ਨੇ ਪਾਵਰਕੌਮ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਜਲਦ ਬਹਾਲ ਕਰਵਾਈ ਜਾਵੇ।