ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 18 ਅਗਸਤ
ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦੀ ਤਜਵੀਜ਼ ਬਣਾਉਣ ਲਈ ਅੱਜ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਕਮਿਸ਼ਨਰ ਨਿਗਮ ਮਲਵਿੰਦਰ ਸਿੰਘ ਜੱਗੀ ਨਾਲ ਲੰਬੀ ਮੀਟਿੰਗ ਕੀਤੀ ਗਈ। ਇਸ ਮੌਕੇ ਤੁੰਗ ਢਾਬ ਨਾਲੇ ਵਿੱਚ ਪੈਂਦੇ ਪ੍ਰਦੂਸ਼ਿਤ ਪਾਣੀ ਦੀ ਰੋਕਥਾਮ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਮੇਅਰ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਹਿਰ ਦੇ ਦੌਰੇ ਉਤੇ ਆਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਬਤ ਬੇਨਤੀ ਕੀਤੀ ਗਈ ਸੀ ਜਿੰਨਾਂ ਨੇ ਤੁਰੰਤ ਹੀ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਗੱਲ ਕਰਕੇ ਇਸ ਮੁੱਦੇ ਦਾ ਹੱਲ ਕਰਨ ਦੀ ਹਦਾਇਤ ਕੀਤੀ ਸੀ। ਮੇਅਰ ਰਿੰਟੂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਹਦਾਇਤ ‘ਤੇ ਪ੍ਰਿੰਸੀਪਲ ਸਕੱਤਰ ਨੇ ਇਸ ਸਬੰਧੀ ਚੰਡੀਗੜ੍ਹ ਮੀਟਿੰਗ ਸੱਦ ਲਈ ਹੈ।
ਉਨ੍ਹਾਂ ਦੱਸਿਆ ਕਿ ਡਰੇਨ ਦੀ ਹਾਲਤ ਸੁਧਾਰ ਕੇ ਇਸ ਦੇ ਕਿਨਾਰਿਆਂ ਨੂੰ ਇੱਕ ਵਧੀਆ ਸੈਰਗਾਹ ਵਜੋਂ ਉਸਾਰਨ ਦੀ ਯੋਜਨਾ ਹੈ ਅਤੇ ਫੁੱਲ ਬੂਟੇ ਲਾਏ ਜਾਣਗੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਚੰਗਾ ਵਾਤਾਵਰਨ ਮਿਲ ਸਕੇ।