ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਅਪਰੈਲ
ਬੱਸ ਅੱਡੇ ਨੇੜੇ ਟਰੈਫਿਕ ਦੀ ਵਧ ਰਹੀ ਸਮੱਸਿਆ ਹੱਲ ਕਰਨ ਲਈ ਟਰੈਫਿਕ ਪੁਲੀਸ ਵੱਲੋਂ ਇੱਥੇ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਈ ਗਈ ਹੈ। ਏਡੀਸੀਪੀ ਟਰੈਫਿਕ ਹਰਵਿੰਦਰ ਸਿੰਘ ਤੇ ਏਸੀਪੀ ਇਕਬਾਲ ਸਿੰਘ ਵੱਲੋਂ ਇਸ ਇਲਾਕੇ ਵਿੱਚ ਟਰੈਫਿਕ ਦੀ ਸਮੱਸਿਆ ਹੱਲ ਕਰਨ ਲਈ ਇਹ ਯੋਜਨਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਬ ਇੰਸਪੈਕਟਰ ਪੱਧਰ ਦੇ ਇਕ ਅਧਿਕਾਰੀ ਅਤੇ 20 ਜਵਾਨਾਂ ਨੂੰ ਇਸ ਇਲਾਕੇ ਵਿੱਚ ਤਾਇਨਾਤ ਕੀਤਾ ਗਿਆ ਹੈ। ਇੱਥੇ ਆਟੋ ਰਿਕਸ਼ਾ ਚਾਲਕਾਂ ਵਾਸਤੇ ਇਕ ਵੱਖਰੀ ਲੇਨ ਬਣਾਈ ਗਈ ਹੈ ਜਿਸ ਨਾਲ ਟਰੈਫਿਕ ਸਮੱਸਿਆ ਨੂੰ ਸੁਧਾਰਨ ਵਿਚ ਮਦਦ ਮਿਲੀ ਹੈ। ਇਸ ਵਾਸਤੇ ਹੁਸੈਨਪੁਰਾ ਚੌਕ ਤੋਂ ਲੈ ਕੇ ਤਹਿਸੀਲਪੁਰਾ ਤਕ ਬੈਰੀਕੇਡ ਲਾ ਕੇ ਆਟੋ ਰਿਕਸ਼ਾ ਵਾਸਤੇ ਵੱਖਰੀ ਲੇਨ ਤਿਆਰ ਕੀਤੀ ਹੈ, ਜਿਸ ਵਿਚ ਸਿਰਫ ਆਟੋ ਰਿਕਸ਼ਾ ਹੀ ਚੱਲਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਵਾਸਤੇ ਵੀ ਰੂਟ ਪਲਾਨ ਤਿਆਰ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜੇਕਰ ਬੱਸਾਂ ਦੇ ਚਾਲਕ, ਆਟੋ ਰਿਕਸ਼ਾ ਚਾਲਕ ਜਾਂ ਹੋਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ।