ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਦਸੰਬਰ
ਪੁਲੀਸ ਵਲੋਂ ਅੱਜ ਸ਼ਾਮ ਇੱਕ ‘ਸਰਚ ਅਪਰੇਸ਼ਨ’ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਵੱਖ ਵੱਖ ਇਲਾਕਿਆਂ ਵਿੱਚ ਪੁਲੀਸ ਨੇ ਵਾਹਨਾਂ ਦੀ ਜਾਂਚ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸ਼ੁਰੂ ਕੀਤੀ ਹੈ। ਏਸੀਪੀ ਮਨਜੀਤ ਸਿੰਘ ਦੀ ਅਗਵਾਈ ਵਿੱਚ ਥਾਣਾ ਏ ਡਿਵੀਜਨ ਦੇ ਸਬ ਇੰਸਪੈਕਟਰ ਰਕੇਸ਼ ਕੁਮਾਰ ਤੇ ਥਾਣੇ ਦੀ ਪੁਲੀਸ ਸਮੇਤ ਸਪੈਸ਼ਲ ਕਮਾਂਡੋ ਦਸਤੇ ਦੇ ਜਵਾਨਾਂ ਨੇ ਬੱਸ ਅੱਡਾ, ਆਈਡੀਐਚ ਮਾਰਕੀਟ ਅਤੇ ਮਹਾਂ ਸਿੰਘ ਗੇਟ ਮਾਰਕੀਟ ਵਿਚ ਜਾਂਚ ਕੀਤੀ। ਪੁਲੀਸ ਨੇ ਬੱਸ ਅੱਡੇ ਵਿਚ ਵੱਖ ਵੱਖ ਥਾਵਾਂ ’ਤੇ ਇਤਰਾਜਯੋਗ ਵਸਤਾਂ ਦੀ ਭਾਲ ਕੀਤੀ। ਬੱਸਾਂ ਵਿਚ ਜਾ ਕੇ ਸਵਾਰੀਆਂ ਕੋਲੋਂ ਪੁਛਗਿਛ ਕੀਤੀ। ਇਸੇ ਤਰ੍ਹਾਂ ਮਾਰਕੀਟ ਵਿਚ ਵਾਹਨਾਂ ਦੀ ਜਾਂਚ ਅਤੇ ਵਾਹਨ ਸਵਾਰਾਂ ਕੋਲੋਂ ਪੁਛਗਿਛ ਕੀਤੀ ਗਈ। ਇਸੇ ਤਰ੍ਹਾਂ ਛੇਹਰਟਾ ਵਿਖੇ ਏਐੱਸਆਈ ਰੂਪ ਸਿੰਘ ਤੇ ਪੁਲੀਸ ਟੀਮ ਨੇ ਮੁੱਖ ਬਾਜ਼ਾਰ ਵਿਚ ਜਾਂਚ ਕੀਤੀ।
ਪੁਲੀਸ ਅਧਿਕਾਰੀਆਂ ਨੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਦੇਖਣ ਤਾਂ ਇਸ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ। ਚੌਕੀ ਇੰਚਾਰਜ ਵਲੋਂ ਦੁਕਾਨਦਾਰਾਂ ਨਾਲ ਫੋਨ ਨੰਬਰ ਵੀ ਸਾਂਝਾ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਤੇ ਇਕ ਸਾਂਝਾ ਗਰੁੱਪ ਵੀ ਬਣਾਇਆ ਗਿਆ, ਜਿਸ ਵਿਚ ਲੋਕਾਂ ਨੂੰ ਅਜਿਹੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ।