ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਮਈ
ਪੁਲੀਸ ਕਮਿਸ਼ਨਰੇਟ ਨੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਂਵਾਂ ’ਤੇ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿਚ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇਕ ਰਿਵਾਲਵਰ, ਇਕ ਦੇਸੀ ਪਿਸਤੌਲ, 391 ਗਰਾਮ ਹੈਰੋਇਨ, ਅਫੀਮ, ਤੇਜ਼ਧਾਰ ਹਥਿਆਰ ਅਤੇ ਚੋਰੀ ਕੀਤੇ ਮੋਟਰਸਾਈਕਲ ਤੇ ਸਕੂਟਰ ਬਰਾਮਦ ਕੀਤੇ ਗਏ ਹਨ।
ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਐਨਡੀਪੀਐਸ ਐਕਟ, ਅਸਲਾ ਐਕਟ, ਐਕਸਾਈਜ ਐਕਟ, ਚੋਰੀ ਤੇ ਡਕੈਤੀ ਦੀਆਂ ਘਟਨਾਵਾਂ ਸਬੰਧੀ 11 ਕੇਸ ਦਰਜ ਕੀਤੇ ਹਨ ਅਤੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਦੀ ਪੁਲੀਸ ਨੇ ਪੰਜ ਜਣਿਆਂ ਸੰਦੀਪ ਸਿੰਘ, ਕਰਨ ਸਿੰਘ, ਗੁਰਜੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਇਕ ਰਿਵਾਲਵਰ ਬੋਰ ਤੇ ਤਿੰਨ ਗੋਲੀਆਂ, ਇਕ ਦੇਸੀ ਪਿਸਤੌਲ ਤੇ ਚਾਰ ਕਾਰਤੂਸ, ਦੋ ਲੋਹੇ ਦੇ ਖੰਜਰ ਤੇ ਕਿਰਚ, ਚੋਰੀ ਦੇ ਪੰਜ ਮੋਟਰਸਾਈਕਲ ਤੇ ਤਿੰਨ ਸਕੂਟਰ ਬਰਾਮਦ ਕੀਤੇ ਹਨ।
ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਹਰਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 110 ਗਰਾਮ ਹੈਰੋਇਨ, 40 ਗਰਾਮ ਅਫੀਮ ਅਤੇ 26 ਗੋਲੀਆਂ ਤੇ ਛੇ ਡੇਗਰ ਬਰਾਮਦ ਕੀਤੇ ਹਨ।
ਥਾਣਾ ਕਨਟੋਨਮੈਂਟ ਦੀ ਪੁਲੀਸ ਨੇ 265 ਗਰਾਮ ਹੈਰੋਇਨ ਸਣੇ ਦਿਲਬਾਗ ਸਿੰਘ ਤੇ ਜੋਨ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸੀ ਡਿਵੀਜਨ ਦੀ ਪੁਲੀਸ ਨੇ ਦਸ ਗ੍ਰਾਮ ਹੈਰੋਇਨ ਅਤੇ ਇਕ ਇਲੈਕਟ੍ਰਾਨਿਕ ਕੰਢੇ ਸਣੇ ਟਿੰਕੂ ਅਤੇ ਥਾਣਾ ਛੇਹਰਟਾ ਦੀ ਪੁਲੀਸ ਨੇ ਛੇ ਗ੍ਰਾਮ ਹੈਰੋਇਨ ਤੇ ਕੰਪਿਊਟਰ ਕੰਢੇ ਸਣੇ ਸੋਨੂੰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮਜੀਠਾ ਰੋਡ ਦੀ ਪੁਲੀਸ ਨੇ ਦੋ ਜਣਿਆਂ ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਚੋਰੀ ਕੀਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਥਾਣਾ ਸੀ ਡਿਵੀਜਨ ਦੀ ਪੁਲੀਸ ਨੇ ਦੋ ਜਣਿਆਂ ਸਾਹਿਲ ਅਤੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਕੂਟਰ, ਥਾਣਾ ਰਣਜੀਤ ਐਵੇਨਿਊ ਦੀ ਪੁਲੀਸ ਨੇ ਮਗਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦੇ ਤਿੰਨ ਸਕੂਟਰ ਬਰਾਮਦ ਕੀਤੇ ਹਨ।