ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਗਸਤ
ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਦੇ ਧੰਦ ਨੂੰ ਰੋਕਣ ਲਈ ਜ਼ਿਲ੍ਹਾ (ਦਿਹਾਤੀ) ਪੁਲੀਸ ਵਲੋਂ ‘ਕੋਰਡਨ ਐਂਡ ਸਰਚ ਅਪਰੇਸ਼ਨ’ (ਸੀਏਐੱਸਓ) ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਪੁਲੀਸ ਨੇ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਧਰੁਵ ਦਾਹੀਆ ਵਲੋਂ ਨਸ਼ਿਆਂ ਖਿਲਾਫ਼ ਚਲਾਈ ਇਸ ਮੁਹਿੰਮ ਦੀ ਨਿਗਰਾਨੀ ਐੱਸਪੀ ਸ਼ੇਲਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ ਜਿਸ ਨੇ ਜ਼ਿਲ੍ਹਾ (ਦਿਹਾਤੀ) ਦੇ ਥਾਣਿਆਂ ਹੇਠ ਆਉਂਦੇ ਇਲਾਕੇ ਵਿਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧ ਵਿਚ ਪੁਲੀਸ ਅਧਿਕਾਰੀਆਂ ਦੀ ਇਕ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿਛਲੇ ਦਸ ਦਿਨਾਂ ਦੌਰਾਨ 58 ਮਾਮਲੇ ਦਰਜ ਕੀਤੇ ਗਏ ਹਨ ਅਤੇ 33 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਕੋਲੋਂ 1311 ਲੀਟਰ ਨਜਾਇਜ ਸ਼ਰਾਬ ਅਤੇ 4720 ਕਿਲੋ ਲਾਹਣ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਤਿੰਨ ਚਾਲੂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਬੀਤੇ ਕੱਲ ਹੀ ਅਜਨਾਲਾ , ਚਾਟੀਵਿੰਡ, ਲੋਪੋਕੇ ਆਦਿ ਥਾਣਿਆਂ ਦੇ ਇਲਾਕੇ ਵਿਚ ਕੀਤੀ ਕਾਰਵਾਈ ਦੌਰਾਨ ਪੰਜ ਕੇਸ ਦਰਜ ਕੀਤੇ ਹਨ ਅਤੇ ਚਾਰ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਇਕ ਹਜ਼ਾਰ ਕਿਲੋ ਲਾਹਣ ਅਤੇ 21750 ਐਮਐਲ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਦਿਹਾਤੀ ਪੁਲੀਸ ਵਲੋਂ 14 ਇਲਾਕਿਆਂ ਵਿਚ ਡਰੋਨ ਦੀ ਮਦਦ ਨਾਲ ਛਾਪੇ ਮਾਰੇ ਹਨ।