ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਜਨਵਰੀ
ਥਾਣਾ ਏ ਡਿਵੀਜ਼ਨ ਹੇਠ ਆਉਂਦੇ ਇਲਾਕੇ ਗੁਰੂ ਰਵੀਦਾਸ ਮਾਰਗ ਵਿਚ ਇਕ ਦੁਕਾਨਦਾਰ ਨਾਲ ਹੋਈ ਤਕਰਾਰ ਮਗਰੋਂ ਪਿਸਤੌਲ ਲੈ ਕੇ ਪੁੱਜੇ ਦੋ ਨੌਜਵਾਨਾਂ ਨੂੰ ਪੁਲੀਸ ਨੇ ਪਿਸਤੌਲ ਤੇ ਗੋਲੀਆਂ ਸਮੇਤ ਕਾਬੂ ਕਰ ਲਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਸ਼ੁਭਦੀਪ ਸਿੰਘ ਅਤੇ ਸੁਮੀਤ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ। ਇਨਾਂ ਕੋਲੋਂ ਇਕ ਰਿਵਾਲਵਰ 32 ਬੋਰ ਅਤੇ ਇਸ ਦੀਆਂ 13 ਗੋਲੀਆਂ ਬਰਾਮਦ ਕੀਤੀਆਂ ਹਨ। ਸ਼ਿਕਾਇਤਕਰਤਾ ਦੁਕਾਨਦਾਰ ਕੁਲਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਥੇ ਸਿੰਘ ਇਲੈਕਟ੍ਰੋਨਿਕਸ ਦੀ ਦੁਕਾਨ ਚਲਾ ਰਹੇ ਹਨ। ਇਹ ਦੋਵੇਂ ਵਿਅਕਤੀ ਉਸ ਦੀ ਦੁਕਾਨ ’ਤੇ ਆਏ ਸਨ ਅਤੇੇ ਇਕ ਸਪੋਰਟਸ ਘੜੀ ਖਰੀਦੀ। ਇਹ ਘੜੀ 1200 ਰੁਪਏ ਦੀ ਸੀ। ਘੜੀ ਲੈਣ ਮਗਰੋਂ ਇਕ ਵਿਅਕਤੀ ਬਿਨਾਂ ਪੈਸੇ ਦਿੱਤੇ ਦੁਕਾਨ ਵਿਚੋਂ ਬਾਹਰ ਚਲਾ ਗਿਆ ਲੇਕਿਨ ਜਦੋਂ ਦੂਜਾ ਵਿਅਕਤੀ ਬਾਹਰ ਜਾਣ ਲੱਗਾ ਤਾਂ ਉਨ੍ਹਾਂ ਰੋਕ ਲਿਆ। ਤਕਰਾਰ ਮਗਰੋਂ ਉਸ ਨੇ ਪੈਸੇ ਦੇ ਦਿੱਤੇ। ਰਾਤ ਨੂੰ ਦੁਕਾਨ ਬੰਦ ਕਰਨ ਸਮੇਂ ਇਹ ਦੋਵੇਂ ਵਿਅਕਤੀ ਮੁੜ ਦੁਕਾਨ ’ਤੇ ਪੁੱਜ ਗਏ ਅਤੇ ਬੇਲੋੜੀ ਤਕਰਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਨ੍ਹਾਂ ਵਿਚੋਂ ਇਕ ਨੇ ਰਿਵਾਲਵਰ ਕੱਢ ਲਈ ਅਤੇ ਉਸ ’ਤੇ ਤਾਣ ਦਿੱਤੀ। ਇਸ ਦੌਰਾਨ ਰੌਲਾ ਰੱਪਾ ਸੁਣ ਕੇ ਹੋਰ ਵੀ ਦੁਕਾਨਦਾਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਨਾਂ ਦੋਵਾਂ ਨੂੰ ਕਾਬੂ ਕਰ ਲਿਆ। ਬਾਅਦ ਵਿਚ ਇਨਾਂ ਦੋਵਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਨਾਂ ਖਿਲਾਫ ਧਾਰਾ 307 ਹੇਠ ਕੇਸ ਦਰਜ ਨਹੀਂ ਕੀਤਾ ਹੈ। ਜਦੋਂਕਿ ਪੁਲੀਸ ਅਧਿਕਾਰੀ ਨੇ ਆਖਿਆ ਕਿ ਕੇਸ ਨਿਯਮਾਂ ਮੁਤਾਬਕ ਹੀ ਦਰਜ ਕੀਤਾ ਗਿਆ ਹੈ।