ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਜੂਨ
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ 15 ਰੋਜ਼ਾ ਬਾਲ ਰੰਗਮੰਚ ਵਰਕਸ਼ਾਪ ਦੇ ਸਮਾਪਤੀ ਸਮਾਗਮ ਮੌਕੇ ਪੰਜਾਬੀ ਨਾਟਕ ‘ਮੁਕਤੀ’ ਅਤੇ ‘ਇੰਸਪੈਕਟਰ ਚੰਨਣ ਸਿੰਘ ਚੰਨ’ ਦਾ ਮੰਚਨ ਕੀਤਾ ਗਿਆ। ਇਹ ਨਾਟਕਾਂ ਦਾ ਮੰਚਨ ਪ੍ਰਿਤਪਾਲ ਰੁਪਾਨਾ ਅਤੇ ਦਲਜੀਤ ਸੋਨਾ ਦੀ ਨਿਰਦੇਸ਼ਨਾਂ ਹੇਠ ਕੀਤਾ ਗਿਆ। ਪਹਿਲਾ ਨਾਟਕ ‘ਚੰਨਣ ਸਿੰਘ ਚੰਨ ਇਕ ਵਿਅੰਗਆਤਮਕ ਨਾਟਕ ਹੈ, ਜਿਸ ਵਿੱਚ ਪੁਲੀਸ ’ਚ ਭ੍ਰਿਸ਼ਟਾਚਾਰ ’ਤੇ ਜ਼ੋਰਦਾਰ ਵਿਅੰਗ ਕੀਤਾ ਗਿਆ ਹੈ। ਇਸ ਨਾਟਕ ਵਿੱਚ ਨੌਨਿੱਧ ਸਿੰਘ, ਭ੍ਰਮਜੋਤ ਕੌਰ, ਰਾਜਾ ਤੇਜਸਵੀ ਪ੍ਰਤਾਪ ਸਿੰਘ, ਗੁਰਅੰਮ੍ਰਿਤ ਸਿੰਘ ਢਿੱਲੋਂ, ਏਕਮ ਸਿੰਘ ਧਾਲੀਵਾਲ, ਪਹਿਲਾਜ ਮਹਿਰਾ ਅਤੇ ਆਸ਼ੀਸ਼ ਸ਼ਰਮਾ ਨੇ ਅਦਾਕਾਰੀ ਕੀਤੀ। ਦੂਸਰਾ ਨਾਟਕ ‘ਮੁਕਤੀ’ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ ਬਜ਼ੁਰਗਾਂ ਦੀ ਕਹਾਣੀ ਦਰਸਾਉਂਦਾ ਹੈ। ਇਸ ਨਾਟਕ ਵਿੱਚ ਯੁਵਰਾਜ ਸਿੰਘ, ਅਸ਼ਲੀਨ ਕੌਰ, ਐਮਰੋਸ ਕੌਰ, ਹਰਕਿਰਤ ਸਿੰਘ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਮੋਹਿਤ ਚਾਵਲਾ, ਪਰਮਜੀਤ ਸਿੰਘ, ਜੈਸਮੀਨ ਕੌਰ ਬਾਵਾ, ਅਮਰਜੀਤ ਕੌਰ, ਗੁਰਵਿੰਦਰ ਕੌਰ ਅਤੇ ਦਲਜੀਤ ਸੋਨਾ ਨੇ ਅਦਾਕਾਰੀ ਕੀਤੀ। ਮਗਰੋਂ ਬਾਲ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਰਮੇਸ਼ ਯਾਦਵ, ਪਵਨਦੀਪ, ਅਰਵਿੰਦਰ ਕੌਰ ਧਾਲੀਵਾਲ, ਗਾਇਕ ਹਰਿੰਦਰ ਸੋਹਲ, ਵਿਪਨ ਧਵਨ, ਗੁਰਤੇਜ ਮਾਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।