ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਫਰਵਰੀ
ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੋਣ ਪ੍ਰਚਾਰ ਕਰਦਿਆਂ ਦੋਸ਼ ਲਾਇਆ ਕਿ ਨਵਜੋਤ ਸਿੰਘ ਸਿੱਧੂ ਦੇ ਰਾਜ ਵਿਚ ਅੰਮ੍ਰਿਤਸਰ ਪੂਰਬੀ ਦੇ ਲੋਕ ਮੁਢਲੀਆਂ ਸਹੂਲਤਾਂ ਲਈ ਤਰਸਦੇ ਰਹੇ। 18 ਸਾਲਾਂ ਦੌਰਾਨ ਸਿੱਧੂ ਜੋੜੇ ਨੇ ਵੱਖ ਵੱਖ ਅਹੁਦਿਆਂ ’ਤੇ ਰਹਿੰਦਿਆਂ ਸੱਤਾ ਦਾ ਸੁੱਖ ਭੋਗਿਆ ਪਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵੱਲ ਧਿਆਨ ਨਹੀਂ ਦਿੱਤਾ।
ਉਨ੍ਹਾਂ ਇਥੋਂ ਦੇ ਚਮਰੰਗ ਰੋਡ ’ਤੇ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਜੀਠੀਆ ਦੇ ਹੱਕ ਵਿਚ ਸ਼ਰੀਫਪੁਰਾ ਇਲਾਕੇ ਵਿਚ ਔਰਤਾਂ ਵਲੋਂ ਭਰਵੀ ਰੈਲੀ ਕਰਕੇ ਅਕਾਲੀ ਉਮੀਦਵਾਰ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ। ਚੋਣ ਰੈਲੀਆਂ ਵਿਚ ਮਜੀਠੀਆ ਨੇ ਸਿੱਧੂ ਜੋੜੇ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਸਿੱਧੂ ਜੋੜੇ ਦੇ ਸਮੇਂ ਦੌਰਾਨ ਲੋਕਾਂ ਨੁੰ ਨਾ ਸਹੀ ਤਰੀਕੇ ਬਿਜਲੀ ਮਿਲੀ, ਨਾ ਸੜਕਾਂ ਤੇ ਨਾ ਹੀ ਸੀਵਰੇਜ ਦੀ ਸਹੂਲਤ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ’ਤੇ ਹਲਕੇ ਵਿਚ ਸੀਵਰੇਜ, ਬੁਢਾਪਾ ਪੈਨਸ਼ਨ, ਰਾਸ਼ਨ ਕਾਰਡ ਆਦਿ ਸਹੂਲਤਾਂ ਲਈ ਇਥੇ ਕੈਂਪ ਲਗਾਏ ਜਾਣਗੇ। ਏਕਤਾ ਨਗਰ ਦੀਆਂ ਘਰਾਂ ਦੀਆਂ ਰਜਿਸਟਰੀਆਂ ਬਾਰੇ ਦਰਪੇਸ਼ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ ਤੇ ਧਾਰਮਿਕ ਸਥਾਨਾਂ ਦਾ ਸੁੰਦਰੀਕਰਨ ਤੇ ਚੰਗੇ ਸਕੂਲਾਂ ਦੇ ਨਿਰਮਾਣ ਦਾ ਵਾਅਦਾ ਕੀਤਾ। ਉਨਾਂ ਐਲਾਨ ਕੀਤਾ ਕਿ ਡਾ. ਅੰਬੇਡਕਰ ਦੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ। ਇਸ ਦੌਰਾਨ ਆਲ ਇੰਡੀਆ ਐਸ ਸੀ ਬੀ ਸੀ ਸੋਸ਼ਲ ਵੈੱਲਫੇਅਰ ਸੁਸਾਇਟੀ ਤੇ ਆਲ ਇੰਡੀਆ ਭਾਟੀਆ ਬਰਾਦਰੀ ਆਰਗੇਨਾਈਜੇਸ਼ਨ ਦੇ ਮੈਂਬਰਾਂ ਨੇ ਸ੍ਰੀ ਮਜੀਠੀਆ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਕਾਲੀ-ਬਸਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਗਨੀਵ ਵੱਲੋਂ ਪਿੰਡਾਂ ਵਿੱਚ ਚੋਣ ਪ੍ਰਚਾਰ
ਮਜੀਠਾ (ਪੱਤਰ ਪ੍ਰੇਰਕ): ਇਥੇ ਕੱਥੂਨੰਗਲ ਸਰਕਲ ਦੇ ਪਿੰਡਾਂ ਮਾਂਗਾ ਸਰਾਂਏ, ਦੁਧਾਲਾ, ਰਾਮਦੀਵਾਲੀ ਹਿੰਦੂਆ, ਕੋਟ ਹਿਰਦੇ ਰਾਮ, ਰੂਪੋਵਾਲੀ ਚੌਗਾਵਾਂ, ਰੂਪੋਵਾਲੀ ਖੁਰਦ, ਅੱਡਾ ਕੱਥੂਨੰਗਲ ਅਤੇ ਮਾਨ ਵਿਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਅਕਾਲੀ-ਬਸਪਾ ਗਠਜੋੜ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ ਨੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਵਿੱਚ ਔਰਤਾਂ ਦਾ ਅਹਿਮ ਰੋਲ ਹੁੰਦਾ ਹੈ ਤੇ ਸਾਨੂੰ ਇਹ ਰੋਲ ਨਿਭਾਉਣ ਲਈ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਗੱਠਜੋੜ ਨੂੰ ਵੋਟ ਪਾਉਣ ਦੀ ਅਪੀਲ ਕੀਤੀ।