ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਜੁਲਾਈ
‘ਮੌਜੂਦਾ ਕਿਸਾਨ ਅੰਦੋਲਨ ਕਿਸਾਨੀ ਨੂੰ ਬਚਾਉਣ ਲਈ ਹੀ ਨਹੀਂ ਇਹ ਤਾਂ ਦੇਸ਼ ਦੀ ਨਸਲ ਨੂੰ ਬਚਾਉਣ ਦਾ ਅੰਦੋਲਨ ਹੈ, ਅੰਦੋਲਨ ਦੀ ਜਿੱਤ ਦੇਸ਼ ਨੂੰ ਬਚਾਉਣ ਲਈ ਜਰੂਰੀ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜੀ.ਟੀ ਰੋਡ ਸਥਿਤ ਮਾਨਾਵਾਲਾ ’ਚ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿੱਚ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਨਿਰੰਤਰ ਚਲਾਈ ਜਾ ਰਹੀ ਲੜੀ ਵਿੱਚ ਹਾਜ਼ਰੀ ਭਰਨ ਆਏ ਕਿਸਾਨ ਅੰਦੋਲਨ ਦੇ ਰੂਹੇ ਰਵਾਂ ਰਾਸ਼ਟਰੀ ਜਨ ਹਿਤ ਸੰਘਰਸ਼ ਪਾਰਟੀ ਦੇ ਪ੍ਰਧਾਨ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਭਾਨੂੰ ਪ੍ਰਤਾਪ ਸਿੰਘ ਵਲੋਂ ਕੀਤਾ ਗਿਆ।
ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਦੇਸ਼ ’ਚ ਥਾਂ ਥਾਂ ਸ੍ਰੀ ਸਹਿਜ ਪਾਠਾਂ ਅਤੇ ਅਖੰਡ ਪਾਠਾਂ ਦੀ ਚਲਾਈ ਜਾ ਲੜੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕਿਸਾਨ ਅੰਦੋਲਨ ਦੇਸ਼ ਦੇ ਕੋਨੇ ਕੋਨੇ ਪਹੁੰਚ ਰਿਹਾ ਹੈ ਅਤੇ ਲੋਕ ਕਿਸਾਨਾਂ ਦੀ ਜਿੱਤ ਲਈ ਅਰਦਾਸ ਬੇਨਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਕੂਮਤੀ ਜਮਾਤ ਦਾ ਲੋਕਾਂ ਦੇ ਦੁੱਖ ਸੁੱਖ ਨਾਲ ਹੁਣ ਕੋਈ ਨਾਤਾ ਨਹੀਂ ਰਿਹਾ। ਲੋਕ ਬਿਨਾਂ ਆਕਸੀਜਨ ਅਤੇ ਦਵਾਈ ਮਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਸ਼ਮੀਰ ਦੇ ਲੋਕਾਂ ਨੂੰ ਬੁਲਾ ਕੇ ਗੱਲ ਕਰਨ ਦਾ ਸਮਾਂ ਹੈ ਪਰ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ ਸੁਣਨ ਲਈ ਸਮਾਂ ਨਹੀਂ। ਕਿਸਾਨ ਤਿੱਖੜ ਦੁਪਹਿਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਧੁੱਪੇ ਬੈਠਣ ਲਈ ਮਜਬੂਰ ਹਨ।ਪ੍ਰਬੰਧਕ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ, ਭਾਈ ਇਕਬਾਲ ਸਿੰਘ ਤੁੰਗ, ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਭਾਈ ਸਤਨਾਮ ਸਿੰਘ ਅਕਾਲੀ ਵਲੋਂ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਹਿਜ ਪਾਠਾਂ ਦੀ ਸੇਵਾ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਅਤੇ ਸੰਸਦ ਗੁਰਜੀਤ ਸਿੰਘ ਔਜਲਾ ਵਲੋਂ ਕਰਾਈ ਜਾ ਰਹੀ ਹੈ।
ਇਸ ਮੌਕੇ ਮਾਨਾਵਾਲਾ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ, ਸੁਰਿੰਦਰ ਸਿੰਘ ਰੰਧਾਵਾ ਸਰਬਜੀਤ ਸਿੰਘ ਵਡਾਲੀ ਡੋਗਰਾਂ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਰਾਜਿੰਦਰ ਸਿੰਘ, ਸ਼ਿਵਰਾਜ ਸਿੰਘ, ਐਡਵੋਕੇਟ ਪ੍ਰੇਮ ਪ੍ਰਤਾਪ ਸਿੰਘ, ਅਜੀਤ ਸਿੰਘ ਤਲਵੰਡੀ ਡੋਗਰਾਂ ਵੀ ਮੌਜੂਦ ਸਨ।