ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਈ
ਸ਼ਹਿਰ ਵਿੱਚੋਂ ਹਵਾ ਪ੍ਰਦੂਸ਼ਣ ਖਤਮ ਕਰਨ ਦੀ ਮੰਗ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਨੇ ਆਖਿਆ ਕਿ ਸ਼ਹਿਰ ਵਿੱਚੋਂ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਢੁਕਵੇਂ ਉਪਰਾਲੇ ਕਰਨ ਦੀ ਲੋੜ ਹੈ। ਈਕੋ ਸਿੱਖ, ਵੁਆਇਸ ਆਫ ਅੰਮ੍ਰਿਤਸਰ ਅਤੇ ਕਲੀਨ ਏਅਰ ਪੰਜਾਬ ਨਾਂ ਦੀਆਂ ਜਥੇਬੰਦੀਆਂ ਨੇ ਹਵਾ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਲੋਕਾਂ ਨੂੰ ਸਾਹ ਲੈਣ ਲਈ ਸਾਫ ਸੁਥਰੀ ਤੇ ਤਾਜ਼ਾ ਹਵਾ ਮਿਲਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੱਟੋ ਘੱਟ ਪੰਜ ਏਅਰ ਕੁਆਲਿਟੀ ਮੋਨੀਟਰਿੰਗ ਸਟੇਸ਼ਨ ਸਥਾਪਤ ਹੋਣੇ ਚਾਹੀਦੇ ਹਨ। ਸ਼ਹਿਰ ਵਿੱਚੋਂ ਡੀਜ਼ਲ ਆਦਿ ਨਾਲ ਚਲਦੇ ਆਟੋ ਰਿਕਸ਼ਾ ਦੀ ਥਾਂ ’ਤੇ ਈ ਰਿਕਸ਼ਾ ਚਲਾਉਣ ਦੀ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਜਨਤਕ ਸਿਹਤ ਅਤੇ ਵਾਤਾਵਰਨ ਸੰਭਾਲ ਬਾਰੇ ਵਿਸ਼ੇਸ਼ ਕੰਮ ਹੋਣੇ ਚਾਹੀਦੇ ਹਨ। ਇਸ ਸਬੰਧੀ ਵੁਆਇਸ ਆਫ ਅੰਮ੍ਰਿਤਸਰ ਦੀ ਆਗੂ ਇੰਦੂ ਅਰੋੜਾ ਨੇ ਕਿਹਾ ਕਿ ਇੱਥੇ ਹਰ ਪਲ ਸਾਹ ਲੈਣ ਵਾਲੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਜਿਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਦੀ ਸੰਭਾਲ ਚਿੰਤਾ ਦਾ ਵਿਸ਼ਾ ਹੈ।
ਆਈਐਮਏ ਦੇ ਡਾ. ਅੰਮ੍ਰਿਤ ਰਾਣਾ ਨੇ ਵੀ ਨਿਰੰਤਰ ਪ੍ਰਦੂਸ਼ਿਤ ਹੋ ਰਹੀ ਹਵਾ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਵਿਰਾਸਤੀ ਰੁਖਾਂ ਦੀ ਅਣਹੋਂਦ ਅਤੇ ਵਾਹਨਾਂ ਦੀ ਵਧ ਰਹੀ ਗਿਣਤੀ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਯੋਗੇਸ਼ ਕਾਮਰਾ ਨੇ ਆਖਿਆ ਕਿ ਸ਼ਹਿਰ ਵਿੱਚ ਆਬਾਦੀ ਵਧ ਰਹੀ ਹੈ ਅਤੇ ਆਬਾਦੀ ਦੇ ਨਾਲ ਨਾਲ ਪ੍ਰਦੂਸ਼ਣ ਵੀ ਵਧ ਰਿਹਾ ਹੈ। ਜੋ ਲੋਕਾਂ ਦੀ ਸਿਹਤ ਲਈ ਠੀਕ ਨਹੀਂ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਨਿੱਜੀ ਵਾਹਨਾਂ ਦੀ ਥਾਂ ਜਨਤਕ ਟਰਾਂਸਪੋਰਟ ਦੀ ਵਰਤੋਂ ਹੋਣੀ ਚਾਹੀਦੀ ਹੈ।