ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਨਵੰਬਰ
ਦੀਵਾਲੀ ਦੀ ਰਾਤ ਆਤਿਸ਼ਬਾਜ਼ੀ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਸ਼ਹਿਰ ਵਿੱਚ ਇਕ ਵਾਰ ਮੁੜ ਹਵਾ ਤੇ ਆਵਾਜ਼ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸਿਰਫ ਗਰੀਨ ਪਟਾਕਿਆਂ ਦੀ ਵਰਤੋਂ ਹੋਵੇਗੀ ਅਤੇ ਇਹ ਵੀ ਰਾਤ ਅੱਠ ਤੋਂ ਦਸ ਵਜੇ ਤਕ ਹੀ ਚੱਲਣਗੇ। ਲੋਕਾਂ ਨੇ ਦੋਵੇਂ ਹੀ ਆਦੇਸ਼ਾਂ ਨੂੰ ਅਣਡਿਠਾ ਕਰਦੇ ਹੋਏ ਦੇਰ ਰਾਤ ਤਕ ਪਟਾਕੇ ਚਲਾਏ ਜਿਸ ਕਾਰਨ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਆਮ ਦਿਨਾਂ ਨਾਲੋਂ ਵੱਧ ਗਿਆ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵਧੇਰੇ ਰਹੀ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 303 ਦਰਜ ਕੀਤੀ ਗਈ। ਪਿਛਲੇ ਵਰ੍ਹੇ ਦੀਵਾਲੀ ਦੀ ਰਾਤ ਹਵਾ ਵਿਚ ਪ੍ਰਦੂਸ਼ਣ ਦੀ ਸਥਿਤੀ 386 ਏਕਿਊਆਈ ਦਰਜ ਕੀਤੀ ਗਈ ਸੀ। ਆਮ ਦਿਨਾਂ ਵਿਚ ਹਵਾ ਵਿਚ ਪ੍ਰਦੂਸ਼ਣ ਦੀ ਸਥਿਤੀ 200 ਏਕਿਊਆਈ ਤੋਂ ਘੱਟ ਹੁੰਦੀ ਹੈ। ਕਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਸਮੇਂ ਸ਼ਹਿਰ ਵਿੱਚ ਏਕਿਊਆਈ ਪੱਧਰ ਸਿਰਫ 65 ਰਹਿ ਗਿਆ ਸੀ। ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਆਵਾਜ਼ ਪ੍ਰਦੂਸ਼ਣ ਵੀ ਆਮ ਨਾਲੋਂ ਵਧ ਰਿਹਾ। ਪੀਪੀਸੀਬੀ ਦੇ ਐੱਸਡੀਓ ਅੰਮ੍ਰਿਤਪਾਲ ਸਿੰਘ ਚਾਹਲ ਨੇ ਦੱਸਿਆ ਕਿ ਰਿਹਾਇਸ਼ੀ ਇਲਾਕਿਆਂ ਵਿਚ ਆਵਾਜ਼ ਪ੍ਰਦੂਸ਼ਣ ਦੀ ਮਾਤਰਾ 84.5 ਡੀਬੀ, ਵਪਾਰਕ ਇਲਾਕਿਆਂ ਵਿੱਚ 82 ਡੀਬੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ 81.5 ਡੀਬੀ ਰਹੀ।
ਸ਼ਹੀਦ ਕਿਸਾਨਾਂ ਦੀ ਯਾਦ ’ਚ ਮੋਮਬੱਤੀਆਂ ਜਗਾਈਆਂ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੀਵਾਲੀ ਦਾ ਦਿਹਾੜਾ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਦਿਵਸ ਵਜੋਂ ਮਨਾਇਆ ਗਿਆ। ਜਥੇਬੰਦੀ ਦੇ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਦੀਵਾਲੀ ਦਾ ਦਿਹਾੜਾ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ। ਉਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਡਿੱਠਾ ਕਰਕੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਨੂੰ ਵੀ ਸਮਰਪਿਤ ਕੀਤਾ ਗਿਆ ਹੈ।
ਅੰਮ੍ਰਿਤਸਰ ਇਲਾਕੇ ਵਿੱਚ 19 ਥਾਵਾਂ ’ਤੇ ਅੱਗ ਲੱਗੀ
ਦੀਵਾਲੀ ਵਾਲੀ ਰਾਤ ਸ਼ਹਿਰ ਵਿੱਚ ਕਈ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਸ ਦੌਰਾਨ ਰੈਡੀਮੇਡ ਕੱਪੜਿਆਂ ਦੀ ਦੁਕਾਨ ਸਮੇਤ ਦੋ ਦੁਕਾਨਾਂ ਵਿਚ ਵੀ ਅੱਗ ਲੱਗੀ। ਵੇਰਵਿਆਂ ਅਨੁਸਾਰ ਇਹ ਅੱਗ ਪੁਤਲੀਘਰ ਬਾਜ਼ਾਰ ਵਿਚ ਲੱਗੀ ਤੇ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਅਨੁਸਾਰ ਅੱਗ ਪਟਾਕਿਆਂ ਕਾਰਨ ਹੀ ਲੱਗੀ ਜਾਪਦੀ ਹੈ। ਇਸੇ ਤਰ੍ਹਾਂ ਲੋਕਾਂ ਨੇ ਦੱਸਿਆ ਕਿ ਸਾਈਂ ਕ੍ਰਿਏਸ਼ਨ ਨਾਂ ਦੀ ਦੁਕਾਨ ਵਿਚ ਵੀ ਅੱਗ ਲੱਗੀ ਜਿਸ ਕਾਰਨ ਨਾਲ ਲੱਗਦੀ ਦੁਕਾਨ ਵਿਚ ਵੀ ਅੱਗ ਲੱਗ ਗਈ ਅਤੇ ਭਾਰੀ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਸ਼ਹਿਰ ਵਿਚ 19 ਥਾਵਾਂ ’ਤੇ ਅੱਗਾਂ ਲੱਗੀਆਂ ਪਰ ਕਿਸੇ ਵੀ ਘਟਨਾ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਦੀਵਾਲੀ ਨੂੰ ਧਿਆਨ ਵਿਚ ਰੱਖਦਿਆਂ ਫਾਇਰ ਬ੍ਰਿਗੇਡ ਵਿਭਾਗ ਪੂਰੀ ਤਰ੍ਹਾਂ ਚੌਕਸ ਸੀ ਅਤੇ ਰਾਤ ਲਗਪਗ ਤਿੰਨ ਵਜੇ ਤੱਕ ਵੱਖ ਵੱਖ ਥਾਵਾਂ ’ਤੇ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਰਿਹਾ। ਜਿਨਾਂ ਥਾਵਾਂ ’ਤੇ ਅੱਗ ਲੱਗੀ ਉਨਾਂ ਵਿਚ ਜਹਾਜਗੜ੍ਹ, ਤਰਨ ਤਾਰਨ ਰੋਡ, ਛੇਹਰਟਾ, ਖਾਸਾ, ਪੁਤਲੀਘਰ, ਗੋਲਡਨ ਐਵੀਨਿਊ, ਸੁਲਤਾਨਵਿੰਡ ਰੋਡ, ਵਰਿੰਦਾਵਨ ਗਾਰਡਨ, ਕਬੀਰ ਪਾਰਕ ਆਦਿ ਸ਼ਾਮਲ ਹਨ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਸ਼ਹਿਰ ਵਿੱਚ ਦੋ ਥਾਂਵਾਂ ’ਤੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਨੁਸਾਰ ਕਿਲ੍ਹਾ ਮੁਹੱਲਾ ਦੇ ਇੱਕ ਘਰ ਵਿੱਚ ਤੇ ਸਾਈਦਾਸ ਸਕੂਲ ਦੇ ਨੇੜੇ ਇੱਕ ਗੱਤਾ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਨੂੰ ਬਝਾਉਣ ਲਈ ਫਾਇਰ ਬ੍ਰਿਗੇਡ ਨੂੰ ਭਾਰੀ ਮੁਸ਼ਕਤ ਕਰਨੀ ਪਈ। ਕਿਲ੍ਹੇ ਮੁਹੱਲੇ ਵਿੱਚ ਆਸਮਾਨ ਤੋਂ ਡਿੱਗੀ ਆਤਿਸ਼ਬਾਜ਼ੀ ਕਾਰਨ ਅੱਗ ਲੱਗ ਗਈ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।