ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਗਸਤ
ਸਥਾਨਕ ਘਿਓ ਮੰਡੀ ਤੋਂ ਹਵਾਈ ਅੱਡੇ ਤੱਕ ਮੈਟਰੋ ਬਸ ਸੇਵਾ ਚਲਾਉਣ ਦਾ ਵਿਰੋਧ ਕਰਦਿਆਂ ਅਜ ਮਿੰਨੀ ਬੱਸ ਅਪਰੇਟਰ ਐਸੋਸੀਏਸ਼ਨ ਨੇ ਹਵਾਈ ਅੱਡਾ ਮਾਰਗ ’ਤੇ ਮੀਰਾਂਕੋਟ ਚੌਕ ਨੇੜੇ ਧਰਨਾ ਦਿੱਤਾ, ਜਿਸ ਕਾਰਨ ਇਸ ਖੇਤਰ ਵਿਚ ਕਈ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਜ਼ਿਲ੍ਹਾ ਪ੍ਰਸ਼ਾਸਨ ਨੇ 4 ਦਿਨ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਹਵਾਈ ਅੱਡੇ ਵਿੱਚ ਆਉਣ-ਜਾਣ ਲਈ ਮੈਟਰੋ ਬੱਸ ਸੇਵਾ ਦੇ ਰੂਟ ਵਿੱਚ ਵਾਧਾ ਕੀਤਾ ਹੈ। ਅੱਜ ਇਸ ਦੇ ਵਿਰੋਧ ਵਿੱਚ ਧਰਨਾ ਦੇਣ ਵਾਲੇ ਮਿੰਨੀ ਬੱਸ ਅਪਰੇਅਰ ਐਸੋਸੀਏਸ਼ਨ ਦੇ ਆਗੂ ਬਲਦੇਵ ਸਿੰਘ ਬੱਬੂ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫੈ਼ਸਲੇ ਨਾਲ ਮਿੰਨੀ ਬੱਸਾਂ ਵਾਲੇ ਪ੍ਰਭਾਵਿਤ ਹੋ ਰਹੇ ਹਨ ਤੇ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹਣ ਵਾਲਾ ਫੈ਼ਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ 24 ਕਿਲੋਮੀਟਰ ਦੇ ਮਾਰਗ ’ਤੇ ਲਗਪਗ 60 ਮਿੰਨੀ ਬੱਸਾਂ ਚਲਦੀਆਂ ਹਨ ਤੇ ਇਨ੍ਹਾਂ ਨਾਲ ਕਈ ਪਰਿਵਾਰ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਟਰੋ ਬੱਸਾਂ ਸ਼ਹਿਰ ਦੀ ਹੱਦ ਭਾਵ ਨਿਗਮ ਦੀ ਹੱਦ ਦੇ ਅੰਦਰ ਹੀ ਚਲ ਸਕਦੀਆਂ ਹਨ ਤੇ ਇਸ ਫੈ਼ਸਲੇ ਨਾਲ ਪ੍ਰਸ਼ਾਸਨ ਆਪਣੇ ਹੀ ਬਣਾਏ ਨਿਯਮ ਦੀ ਉਲੰਘਣਾ ਕਰ ਰਿਹਾ ਹੈ। ਇਸ ਦੌਰਾਨ ਪੁਲੀਸ ਦੇ ਏਸੀਪੀ ਟਰੈਫਿਕ ਗੁਰਮੀਤ ਸਿੰਘ ਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੂੰ ਅਜ ਹੀ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰਦਰਸ਼ਨਕਾਰੀਆਂ ਦੇ 6 ਮੈਂਬਰੀ ਵਫ਼ਦ ਨੇ ਡੀਸੀ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਸਬੰਧਤ ਮਾਮਲੇ ਵਿੱਚ ਜਲਦੀ ਹੀ ਮੀਟਿੰਗ ਕਰਕੇ ਮੰਗ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਜਿਲਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ 25 ਅਗਸਤ ਤੱਕ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ 26 ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਘਰ ਦੇ ਬਾਹਰ ਰੋਸ ਧਰਨਾ ਦੇਣਗੇ ਤੇ ਇੱਕ ਬੱਸ ਵੀ ਸਾੜਨਗੇ। ਉਨ੍ਹਾਂ ਮੰਗ ਕੀਤੀ ਕਿ ਇਸ ਮਾਰਗ ’ਤੇ ਚਲਾਈ ਗਈ ਮੈਟਰੋ ਬੱਸ ਸੇਵਾ ਨੂੰ ਤੁਰੰਤ ਬੰਦ ਕੀਤਾ ਜਾਵੇ।