ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਸਰਕਾਰੀ ਮੈਡੀਕਲ ਕਾਲਜ ਦੇ ਜੂਨੀਅਰ ਰੈਜੀਡੈਂਟ ਡਾਕਟਰਾਂ (ਜੇਆਰਡੀ) ਦੀ ਚਲ ਰਹੀ ਹੜਤਾਲ ਕਾਰਨ ਅੱਜ ਸਾਰਾ ਦਿਨ ਓਪੀਡੀ ਸੇਵਾਵਾਂ ਬੰਦ ਰਹੀਆਂ ਹਨ। ਇਸ ਦੌਰਾਨ ਅਪਰੇਸ਼ਨ ਥੀਏਟਰਾਂ ਵਿਚ ਵੀ ਕੰਮ ਰੋਕਿਆ ਗਿਆ। ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਦੋ ਘੰਟੇ ਲਈ ਹੜਤਾਲ ਕਰ ਰਹੇ ਜੂਨੀਅਰ ਰੈਜੀਡੈਂਟ ਡਾਕਟਰਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਜੂਨੀਅਰ ਰੈਜੀਡੈਂਟ ਡਾਕਟਰਾਂ ਦੇ ਨਵੇਂ ਬੈਚ ਦਾ ਜਲਦੀ ਦਾਖਲਾ ਕਰੇ। ਇਸੇ ਮੰਗ ਨੂੰ ਲੈ ਕੇ ਪਹਿਲਾਂ ਉਹ ਦੋ ਘੰਟੇ ਲਈ ਓਪੀਡੀ ਸੇਵਾਵਾਂ ਬੰਦ ਕਰਕੇ ਰੋਸ ਵਿਖਾਵਾ ਕਰ ਰਹੇ ਸਨ ਪਰ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਪੂਰੇ ਦਿਨ ਲਈ ਹੜਤਾਲ ਕੀਤੀ ਗਈ ਹੈ। ਉਨ੍ਹਾਂ ਓਪੀਡੀ ਸੇਵਾਵਾਂ ਬੰਦ ਰੱਖੀਆਂ। ਇਸ ਤੋਂ ਇਲਾਵਾ ਅਪਰੇਸ਼ਨ ਥੀਏਟਰ ਅਤੇ ਲੈਬ ਆਦਿ ਦਾ ਕੰਮ ਵੀ ਬੰਦ ਰੱਖਿਆ ਗਿਆ ਹੈ। ਜੇਆਰਡੀ ਐਸੋਸੀਏਸ਼ਨ ਨਾਲ ਸਬੰਧਤ ਡਾ. ਮਧੂ, ਡਾ. ਬ੍ਰਿਜੇਸ਼ ਨੇ ਕਿਹਾ ਕਿ ਸਰਕਾਰ ਕੋਲੋਂ ਪਿਛਲੇ ਕਈ ਦਿਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੂਨੀਅਰ ਰੈਜੀਡੈਂਟ ਡਾਕਟਰਾਂ ਦੇ ਦਾਖਲੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਪਰ ਇਸ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਉਹ ਵਧੇਰੇ ਬੋਝ ਅਤੇ ਵਧੇਰੇ ਤਣਾਅ ਹੇਠ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਕੋਈ ਹੱਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਦਾਖਲਾ ਨਾ ਹੋਣ ਕਾਰਨ ਲਗਪਗ ਸੌ ਜੇਆਰਡੀ ਘੱਟ ਗਏ ਹਨ ਅਤੇ ਇਸ ਦਾ ਸਾਰਾ ਦਬਾਅ ਉਨ੍ਹਾਂ ਉਪਰ ਹੈ।
ਸਫ਼ਾਈ ਸੇਵਕਾਂ ਵੱਲੋਂ ਵੀ ਹੜਤਾਲ
ਅੰਮ੍ਰਿਤਸਰ : ਇਸ ਦੌਰਾਨ ਸਰਕਾਰੀ ਹਸਪਤਾਲਾਂ ਦੇ ਫਾਰਗ ਕੀਤੇ ਗਏ ਸਫਾਈ ਸੇਵਕਾਂ ਵੱਲੋਂ ਵੀ ਹੜਤਾਲ ਕੀਤੀ ਗਈ ਹੈ । ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਮੁੜ ਨਿਯੁਕਤ ਕੀਤਾ ਜਾਵੇ। ਇਨ੍ਹਾਂ ਦੀਆਂ ਸੇਵਾਵਾਂ ਨੂੰ ਕਰੋਨਾ ਕਾਲ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਗਿਣਤੀ ਲਗਪਗ 150 ਸੀ, ਜਿਨ੍ਹਾਂ ਵਿੱਚੋਂ ਲਗਪਗ ਅੱਧਿਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ।
ਵੈਟਰਨਰੀ ਅਫਸਰਾਂ ਵੱਲੋਂ ਡਿਪਟੀ ਡਾਇਰੈਕਟਰ ਨੂੰ ਮੰਗ ਪੱਤਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇੱਕੇ ਅੱਜ ਜ਼ਿਲ੍ਹੇ ਦੇ ਸਮੂਹ ਵੈਟਰਨਰੀ ਅਫਸਰਾਂ ਨੇ ਮੀਟਿੰਗ ਕਰਕੇ ਜਿਥੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਉਥੇ ਪਸ਼ੂ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਮੰਗ ਪੱਤਰ ਵੀ ਦਿੱਤਾ। ਮੰਗ ਪੱਤਰ ’ਚ ਉਨ੍ਹਾਂ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਉਨ੍ਹਾਂ ਨੂੰ ਫੀਲਡ ਵਿਚ ਕੰਮ ਕਰਨ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਵਿੰਦਰ ਸਿੰਘ, ਵਾਈਸ ਪ੍ਰਧਾਨ ਡਾ. ਆਤਮਾ ਸਿੰਘ ਅਤੇ ਪ੍ਰੈਸਸਕੱਤਰ ਡਾ. ਪਰਮਜੀਤ ਅਹੀਰ ਨੇ ਹੋਰਾਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਭਰੋਸਾ ਦਿੱਤਾ ਕਿ ਉਹ ਉੱਚ ਅਧਿਕਾਰੀਆਂ ਪਾਸੋਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਢਵਾਉਣ ਦੇ ਯਤਨ ਕਰਨਗੇ।