ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਅਕਤੂਬਰ
ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ ਪੌਲੀਟੈਕਨੀਕਲ ਕਾਲਜ ਵਿੱਚ ਲਾਏ ਗਏ ਜ਼ਿਲ੍ਹਾ ਪੱਧਰੀ ਸੁਵਿਧਾ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ ਖੁਆਰੀ ਦੇ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਰਾਜ ਭਰ ਵਿਚ ਸੁਵਿਧਾ ਕੈਂਪ ਲਾ ਕੇ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਵੀ ਨਾ ਮਾਰਨੇ ਪੈਣ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਵਿਸ਼ੇਸ਼ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਦੂਜੇ ਦਿਨ ਵੀ ਬਲਾਚੌਰ ਸਬ-ਡਿਵੀਜ਼ਨ ਵਿਚ ਦੋ ਥਾਵਾਂ ’ਤੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਗਏ, ਜਿਨ੍ਹਾਂ ਵਿਚ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਅਤੇ ਬੀ. ਡੀ. ਪੀ. ਓ ਦਫ਼ਤਰ ਸੜੋਆ ਸ਼ਾਮਲ ਸਨ। ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ।
ਸੋਨੀ ਵੱਲੋਂ ਜਾਗਰੂਕਤਾ ਵੈਨ ਰਵਾਨਾ
ਓਪੀ ਸੋਨੀ ਵੱਲੋਂ ਅੱਜ ਆਪਣੀ ਰਿਹਾਇਸ਼ ਤੋਂ ਐੱਚ.ਆਈ.ਵੀ. ਏਡਜ਼ ਜਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਏਡਜ਼ ਬਿਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਵਾਉਣ ਲਈ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੂਰੇ ਪੰਜਾਬ ਵਿੱਚ 11 ਜਾਗਰੂਕਤਾ ਵੈਨਾਂ 25 ਨਵੰਬਰ ਤੱਕ ਪੂਰੇ ਪੰਜਾਬ ਵਿੱਚ ਚਲਾਈਆਂ ਜਾ ਰਹੀਆਂ ਹਨ।