ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਮਈ
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਤੇ ਮਨਮੋਹਣ ਸਿੰਘ ਬਰਾੜ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਕਾਤ ਕੀਤੀ ਅਤੇ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਸਬੰਧੀ ਵਿਚਾਰ ਚਰਚਾ ਕੀਤਾ। ਵਫ਼ਦ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਵੱਲੋਂ 2015 ਵਿੱਚ ਪ੍ਰਵਾਨ ਕੀਤੇ ਗਏ ਕੌਮੀ ਪੱਧਰ ਦੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਅੰਮ੍ਰਿਤਸਰ ਲਈ ਪਿੰਡ ਛਿੱਡਣ ਵਿਖੇ ਜ਼ਮੀਨ ਦੀ ਖਰੀਦ ਦਾ ਪ੍ਰਬੰਧ ਕੀਤਾ ਜਾਵੇ। ਪਿੰਡ ਅਟਾਰੀ ਵਿਖੇ 100 ਏਕੜ ਜ਼ਮੀਨ ਤਾਂ 2015 ਦੌਰਾਨ ਹੀ ਤਤਕਾਲੀ ਪੰਜਾਬ ਸਰਕਾਰ ਨੇ ਇੰਸਟੀਚਿਊਟ ਦੇ ਨਾਂ ਕਰ ਦਿੱਤੀ ਸੀ। ਇੰਸਟੀਚਿਊਟ ਦੇ ਪ੍ਰਬੰਧਕੀ, ਅਕਾਦਮਿਕ ਅਤੇ ਰਿਹਾਇਸ਼ ਆਦਿ ਲਈ ਇੰਡੀਅਨ ਕੌਂਸਲ ਆਫ ਐਗਰੀਕਲਚਰ ਰੀਸਰਚ ਨਵੀਂ ਦਿੱਲੀ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਪਿੰਡ ਛਿੱਡਣ ਵਿਖੇ 32 ਏਕੜ ਜ਼ਮੀਨ ਦੀ ਖ਼ਰੀਦ ਲਈ ਪ੍ਰਵਾਨਗੀ ਦਿੱਤੀ ਹੈ। ਆਗੂਆਂ ਨੇ ਇਹ 32 ਏਕੜ ਜ਼ਮੀਨ ਦੀ ਖਰੀਦਦਾਰੀ ਕਰਨ ਅਤੇ ਅੰਮ੍ਰਿਤਸਰ ਵਿਖੇ ਕ੍ਰਿਕਟ ਸਟੇਡੀਅਮ ਬਣਾਉਣ ਲਈ ਜ਼ੋਰ ਪਾਇਆ।ਇਸ ਮੌਕੇ ਹਾਜ਼ਰ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਏਡੀਸੀ ਨੇ ਵੀ ਅੰਮ੍ਰਿਤਸਰ ਵਿਕਾਸ ਮੰਚ ਦੀਆਂ ਇਨ੍ਹਾਂ ਮੰਗਾਂ ਨੂੰ ਮੰਨਣ ਦੀ ਸਿਫਾਰਸ਼ ਕੀਤੀ ਅਤੇ ਖਜ਼ਾਨਾ ਮੰਤਰੀ ਨੇ ਪ੍ਰਵਾਨਗੀ ਦੇਣ ਦਾ ਠੋਸ ਭਰੋਸਾ ਦਿੱਤਾ।