ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਮਾਰਚ
ਖਾਲਸਾ ਕਾਲਜ ਵਿੱਚ ਚਲ ਰਹੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਤੀਜੇ ਦਿਨ ‘ਪੰਜਾਬੀ ਭਾਸ਼ਾ ਦਾ ਗੌਰਵ’ ਸਮਾਗਮ ਤਹਿਤ ਸਿਵਲ ਸੇਵਾਵਾਂ ਨਾਲ ਸਬੰਧਤ ਉਨ੍ਹਾਂ ਅਫਸਰਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਆਈਏਐੱਸ ਅਤੇ ਪੀ.ਸੀ ਐੱਸ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪੰਜਾਬੀ ਮਾਧਿਅਮ ਰਾਹੀਂ ਜਾਂ ਪੰਜਾਬੀ ਚੋਣਵੇਂ ਵਿਸ਼ੇ ਵਜੋਂ ਲੈ ਕੇ ਪਾਸ ਕੀਤੀਆਂ ਹਨ। ਮੈਂਬਰ ਪੰਜਾਬ ਸਿੱਖਿਆ ਟ੍ਰਿਬਿਊਨਲ ਅਤੇ ਸਾਬਕਾ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ ’ਚ ਹੀ ਪ੍ਰਗਟਾਉਂਦਾ ਹੈ। ਫਿਰ ਉੱਚੇ ਰੁਤਬੇ ਤੇ ਸਫ਼ਲਤਾ ਹਾਸਲ ਕਰਨ ’ਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ।
ਸਮਾਗਮ ’ਚ ਡਿਪਟੀ ਕਮਿਸ਼ਨਰ (ਤਰਨ ਤਾਰਨ) ਕੁਲਵੰਤ ਸਿੰਘ ਆਈਏਐੱਸ, ਜਾਇੰਟ ਡਾਇਰੈਕਟਰ (ਜੀਐੱਸਟੀ) ਬਲਵਿੰਦਰ ਸਿੰਘ ਧਾਲੀਵਾਲ ਆਈਆਰਐੱਸ ਅਤੇ ਡਿਪਟੀ ਕਮਿਸ਼ਰਨ (ਫ਼ਰੀਦਕੋਟ) ਗੁਰਜੀਤ ਸਿੰਘ ਪੀਸੀਐੱਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸੈਸ਼ਨ ਦਾ ਸੰਚਾਲਨ ਸਿੱਖ ਇਤਿਹਾਸ ਖੋਜ ਕੇਂਦਰ ਦੇ ਮੁਖੀ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਢਿੱਲੋਂ ਨੇ ਕੀਤਾ।
ਅੱਜ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਸੈਮੀਨਾਰ ਦੇ ਤੀਜੇ ਅਕਾਦਮਿਕ ਸੈਸ਼ਨ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡਾ. ਜਸਪਾਲ ਕੌਰ ਕਾਂਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਡਾ. ਜਗਜੀਵਨ ਸਿੰਘ, ਡਾ. ਸਰਬਜੀਤ ਸਿੰਘ ਅਤੇ ਡਾ. ਰਮਨਦੀਪ ਕੌਰ ਨੇ ਆਪਣੇ ਪੇਪਰ ਪੇਸ਼ ਕੀਤੇ। ਸੈਮੀਨਾਰ ਦੇ ਇਸ ਸੈਸ਼ਨ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਭੁਪਿੰਦਰ ਸਿੰਘ ਨੇ ਕੀਤਾ।
ਇਸੇ ਦੌਰਾਨ ਅੰਬਰਸਰੀ ਸੱਥ ’ਚ ਪੰਜਾਬੀ ਸਾਹਿਤ, ਸਭਿਆਚਾਰ, ਸੰਗੀਤ ਅਤੇ ਕਲਾ ਦੇ ਵੱਖ‐ਵੱਖ ਰੰਗ ਦੇਖਣ ਨੂੰ ਮਿਲੇ ਤੇ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਨੇ ਖ਼ੂਬ ਰੰਗ ਬੰਨ੍ਹਿਆ। ਸੱਥ ’ਚ ਪੰਜਾਬ ਦੀ ਲੋਕ-ਗਾਇਕਾ ਗੁਰਮੀਤ ਬਾਵਾ, ਅਦਾਕਾਰਾ ਜਤਿੰਦਰ ਕੌਰ, ਕਾਮੇਡੀਅਨ ਰਾਜਬੀਰ ਕੌਰ, ਗਾਇਕ ਹਰਿੰਦਰ ਸੋਹਲ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਕਲਾ ਸੰਗ੍ਰਹਿ ਕਰਤਾ ਤੇ ਫੋਟੋਕਾਰ ਸੰਦੀਪ ਸਿੰਘ ਅਤੇ ਭੁਪਿੰਦਰ ਸੰਧੂ ਨੇ ਆਪਣੀਆਂ ਜ਼ਿੰਦਗੀਆਂ ਦੇ ਤਜਰਬੇ ਸਾਂਝੇ ਕੀਤੇ।
ਬਾਅਦ ਦੁਪਹਿਰ ਕਾਲਜ ਦੇ ਥੀਏਟਰ ਵਿਭਾਗ ਵੱਲੋਂ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ ਮਿੱਠੇ ਤੇ ਸ਼ੀਰੀ ਦਾ ਵਿਆਹ ਦਾ ਮੰਚਨ ਕੀਤਾ ਗਿਆ।