ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਨਵੰਬਰ
ਪੰਜਾਬ ਨਰਸਿੰਗ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਲਈ ਦਿੱਤਾ ਗਿਆ ਹੜਤਾਲ ਦਾ ਸੱਦਾ ਅੱਜ ਉਪ ਮੁੱਖ ਮੰਤਰੀ ਓਪੀ ਸੋਨੀ ਨਾਲ ਮੀਟਿੰਗ ਤੋਂ ਬਾਅਦ ਵਾਪਸ ਲੈ ਲਿਆ। ਅੱਜ ਸ੍ਰੀ ਸੋਨੀ ਦੀ ਰਿਹਾਇਸ਼ ’ਤੇ ਕੀਤੀ ਮੀਟਿੰਗ ਵਿਚ ਨਰਸਿੰਗ ਐਸੋਸੀਏਸ਼ਨ ਨੇ ਉਪ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ। ਸ੍ਰੀ ਸੋਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਉਨ੍ਹਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਉਨ੍ਹਾਂ ਦੀਆਂ ਮੰਗਾਂ ਸਬੰਧੀ ਜੇ ਲੋੜ ਮਹਿਸੂਸ ਹੋਈ ਤਾਂ ਮੁੱਖ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਨੇ ਜੋ ਐਲਾਨ ਕੀਤੇ ਹਨ, ਉਹ ਲੋਕ ਹਿੱਤਾਂ ਵਾਲੇ ਹਨ। ਸ੍ਰੀ ਸੋਨੀ ਦੇ ਭਰੋਸੇ ਮਗਰੋਂ ਨਰਸਿੰਗ ਐਸੋਸੀਏਸ਼ਨ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਗੌਰਮਿੰਟ ਨਰਸਿਜ਼ ਐਸੋਸੀਏਸ਼ਨ ਦੀ ਪ੍ਰਧਾਨ ਕਾਂਤਾ ਕੁਮਾਰੀ, ਅਰਜਿੰਦਰ ਕੌਰ, ਰਮਨਦੀਪ ਕੌਰ ਤੇ ਪ੍ਰੈੱਸ ਸਕੱਤਰ ਜੁਗਰਾਜ ਸਿੰਘ ਨੇ ਦੱਸਿਆ ਕਿ ਅੱਜ ਹੜਤਾਲ ਦਾ ਪੰਜਵਾਂ ਦਿਨ ਸੀ। ਉਪ ਮੁੱਖ ਮੰਤਰੀ ਓਪੀ ਸੋਨੀ ਵੱਲੋਂ ਅਗਲੇ ਹਫ਼ਤੇ ਤੱਕ ਮੰਗਾਂ ਮੰਨਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਮਗਰੋਂ ਹੜਤਾਲ ਖ਼ਤਮ ਕਰ ਦਿੱਤੀ ਗਈ। ਇਸ ਦੇ ਨਾਲ ਹੀ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਭਲਕੇ 13 ਨਵੰਬਰ ਨੂੰ ਸਮੁੱਚਾ ਨਰਸਿੰਗ ਸਟਾਫ ਆਪਣੀਆਂ ਡਿਊਟੀਆਂ ਸੰਭਾਲੇਗਾ। ਜ਼ਿਕਰਯੋਗ ਹੈ ਕਿ ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਸਨ।
ਦਸੂਹਾ (ਪੱਤਰ ਪ੍ਰੇਰਕ): ਸਿਵਲ ਹਸਪਤਾਲ ਦਸੂਹਾ ਵਿਚ ਨਰਸਿੰਗ ਸਟਾਫ ਵੱਲੋਂ ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਤੇ ਯੂਟੀ ਦੇ ਸੱਦੇ ’ਤੇ ਮੰਗਾਂ ਦੇ ਹੜਤਾਲ ਚੌਥੇ ਦਿਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।