ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਜੁਲਾਈ
ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਅਤੇ ਐਨਪੀਏ ਵਿਚ ਕਟੌਤੀ ਕੀਤੇ ਜਾਣ ਤੋਂ ਖ਼ਫ਼ਾ ਅੱਜ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਵਿਦਿਆਰਥੀ ਡਾਕਟਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਬੰਧ ਵਿੱਚ ਅੱਜ ਰੋਸ ਮਾਰਚ ਵੀ ਕੀਤਾ ਗਿਆ ਜਿਸ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ।
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਐਨਪੀਏ ਵਧਾਉਣ ਦੀ ਥਾਂ ਇਸ ਵਿਚ ਕਟੌਤੀ ਕਰ ਦਿੱਤੀ ਗਈ ਹੈ ਜਦੋਂਕਿ ਕਰੋਨਾ ਦੌਰਾਨ ਡਾਕਟਰਾਂ ਨੇ ਔਖੇ ਹਾਲਾਤ ਵਿਚ ਫਰੰਟ ’ਤੇ ਆ ਕੇ ਕੰਮ ਕੀਤਾ। ਮੀਂਹ ਦੌਰਾਨ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਛੱਤਰੀਆਂ ਲੈ ਕੇ ਰੋਸ ਮਾਰਚ ਕੀਤਾ। ਕੁਝ ਦੇਰ ਲਈ ਸੜਕ ਆਵਾਜਾਈ ਵੀ ਰੋਕੀ ਗਈ।
ਡਾ. ਹਰਸਿਮਰਤ ਸਿੰਘ ਨੇ ਆਖਿਆ ਕਿ ਡਾਕਟਰਾਂ ਨੇ ਵਾਧੂ ਕੁਝ ਨਹੀਂ ਮੰਗਿਆ ਪਰ ਜੋ ਮਿਲ ਰਿਹਾ ਸੀ, ਉਹ ਵੀ ਖੋਹਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਮੰਗ ਕੋਈ ਵਾਧੂ ਵਿੱਤੀ ਬੋਝ ਨਹੀਂ ਹੈ, ਇਹ ਡਾਕਟਰਾਂ ਦਾ ਹੱਕ ਹੈ। ਡਾ. ਮ੍ਰਿਦੁਲ ਗਰੋਵਰ ਨੇ ਆਖਿਆ ਕਿ ਸਿਹਤ ਮੰਤਰੀ ਨੇ ਡਾਕਟਰਾਂ ਕੋਲੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਪਰ ਇਸ ਦੌਰਾਨ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਇਸ ਤੋਂ ਬਾਅਦ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਸਮੂਹਿਕ ਅਸਤੀਫ਼ੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।