ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਸਤੰਬਰ
ਇਥੇ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਐਂਪਲਾਈਜ਼ ਯੂਨੀਅਨ ਵੱਲੋਂ ਅੱਜ ਇੱਥੇ ਬੀਬੀਕੇਡੀਏਵੀ ਕਾਲਜ ਦੇ ਕੈਂਪਸ ਵਿੱਚ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ’ਤੇ ਏਡਿਡ ਕਾਲਜਾਂ ਵਿਚ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਵਧਿਆ ਹੋਇਆ ਮੈਡੀਕਲ ਭੱਤਾ ਦਿੱਤਾ ਜਾਵੇ। ਇਹ ਲਾਭ ਟੀਚਿੰਗ ਅਮਲੇ ਨੂੰ ਦਿੱਤੇ ਹਨ ਪਰ ਨਾਨ-ਟੀਚਿੰਗ ਅਮਲੇ ਨੂੰ ਨਹੀਂ ਦਿੱਤੇ ਗਏ। ਜਥੇਬੰਦੀ ਦੇ ਪ੍ਰਧਾਨ ਰਮਨ ਕੁਮਾਰ ਨੇ ਦੱਸਿਆ ਕਿ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਐਂਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨੇ ਦਿੱਤੇ ਜਾਣਗੇ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਇਥੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ ਟੀਚਿੰਗ ਸਟਾਫ ਦੀ ਜਥੇਬੰਦੀ ਨੇ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਅੱਜ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਨਾਨ ਟੀਚਿੰਗ ਸਟਾਫ ਵੱਲੋਂ ਕਾਲਜ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਲਈ 1.12.2011 ਦੇ ਸੋਧੇ ਸਕੇਲ ਲਾਗੂ ਨਹੀਂ ਕੀਤੇ ਜਾ ਰਹੇ ਅਤੇ 6ਵੇਂ ਪੇਅ ਕਮਿਸ਼ਨ ਦੇ ਲਾਗੂ ਕਰਨ ਸਬੰਧੀ ਵੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ।