ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਜਨਵਰੀ
ਵਿਧਾਨ ਸਭਾ ਚੋਣਾਂ ਲਈ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਅਤੇ ਉਮੀਦਵਾਰ 1 ਫਰਵਰੀ ਤੱਕ ਆਪਣੇ ਨਾਮਜ਼ਦਗੀ ਕਾਗਜ਼ ਭਰ ਸਕਦੇ ਹਨ ਪਰ ਅੱਜ ਪਹਿਲੇ ਦਿਨ ਕਿਸੇ ਵੀ ਪਾਰਟੀ ਜਾਂ ਆਜ਼ਾਦ ਤੌਰ ’ਤੇ ਚੋਣ ਲੜਣ ਵਾਲੇ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ।
ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਭਾਵੇਂ ਉਮੀਦਵਾਰ ਆਨਲਾਈਨ ਨਾਮਜ਼ਦਗੀ ਕਾਗਜ਼ ਭਰ ਸਕਦਾ ਹੈ ਪਰ ਉਸ ਨੂੰ ਕਾਗਜ਼ ਦਾਖਲ ਕਰਨ ਵਾਸਤੇ ਨਿੱਜੀ ਤੌਰ ’ਤੇ ਆਪਣੇ ਰਿਟਰਨਿੰਗ ਅਧਿਕਾਰੀ ਕੋਲ ਆਉਣਾ ਪਵੇਗਾ। ਉਨਾਂ ਦੱਸਿਆ ਕਿ ਕਰੋਨਾ ਦੇ ਚੱਲਦੇ ਦੋ ਵਿਅਕਤੀਆਂ ਅਤੇ ਦੋ ਵਾਹਨਾਂ ਨੂੰ ਕਾਗਜ਼ ਦਾਖਲ ਕਰਨ ਲਈ ਆਉਣ ਦੀ ਆਗਿਆ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਅੱਜ ਪਹਿਲੇ ਦਿਨ ਕਿਸੇ ਉਮੀਦਵਾਰ ਨੇ ਆਪਣੇ ਕਾਗਜ਼ ਦਾਖਲ ਨਹੀਂ ਕਰਵਾਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਵੋਟਾਂ ਲਈ 2194 ਬੂਥ ਬਣਾਏ ਗਏ ਹਨ ਅਤੇ ਵੋਟਾਂ ਦਾ ਕੰਮ ਨੇਪਰੇ ਚਾੜ੍ਹਨ ਲਈ 15 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਦੇ 5 ਵਿਧਾਨ ਸਭਾ ਹਲਕਿਆਂ ਦੇ 331 ਬੂਥਾਂ ’ਤੇ ਵੋਟਾਂ ਪੈਣਗੀਆਂ। ਪੁਲੀਸ ਵਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। 29 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਮੰਗੀਆਂ ਹਨ, ਜਿਸ ਵਿੱਚੋ 5 ਕੰਪਨੀਆਂ ਪਹੁੰਚ ਚੁੱਕੀਆਂ ਹਨ। ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਦੀਪਕ ਹਿਲੋਰੀ ਨੇ ਦੱਸਿਆ ਕਿ ਦਿਹਾਤੀ ਖੇਤਰ ਵਿੱਚ 30 ਪੱਕੇ ਨਾਕੇ ਕੰਮ ਕਰ ਰਹੇ ਹਨ।
22 ਹਜ਼ਾਰ ਨੌਜਵਾਨ ਪਹਿਲੀ ਵਾਰ ਪਾਉਣਗੇ ਵੋਟ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਅੰਮ੍ਰਿਤਸਰ ਸਰਹੱਦੀ ਜ਼ਿਲੇ ਦੇ 11 ਵਿਧਾਨ ਸਭਾ ਹਲਕਿਆਂ ਲਈ ਅਗਾਮੀ ਵਿਧਾਨ ਸਭਾ ਚੋਣਾਂ ਵਿਚ 19 ਲੱਖ ਤੋਂ ਵੱਧ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਸ ਦੌਰਾਨ ਲਗਪਗ 22 ਹਜ਼ਾਰ ਤੋਂ ਵੱਧ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ। ਇਹ ਨੌਜਵਾਨ 18 ਤੋਂ 19 ਵਰਿਆਂ ਦੇ ਹਨ। ਇਸ ਵੇਲੇ ਜ਼ਿਲੇ ਵਿਚ 30 ਤੋਂ 39 ਸਾਲ ਉਮਰ ਵਰਗ ਦੇ ਸਭ ਤੋਂ ਵੱਧ ਵੋਟਰ 5 ਲੱਖ 33 ਹਜ਼ਾਰ ਹਨ। 22 ਹਜ਼ਾਰ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ। ਅੱਜ 12ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਆਨ-ਲਾਇਨ ਜੁੜੇ ਜਿਲ੍ਹਾ ਵਾਸੀਆਂ, ਜਿਸ ਵਿਚ ਸਕੂਲਾਂ ਦੇ ਅਧਿਆਪਕ, ਬੀ ਐਲ ਓ ਅਤੇ ਹੋਰ ਚੋਣ ਅਮਲਾ ਸ਼ਾਮਿਲ ਸੀ, ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਗਾਇਕ ਹਰਿੰਦਰ ਸੋਹਲ ਤੇ ਗਾਇਕਾ ਮਨਪ੍ਰੀਤ ਸੋਹਲ ਵੱਲੋ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗੀਤ ਵੀ ਰਿਲੀਜ਼ ਕੀਤਾ। ਗੁੰਮਟਾਲਾ ਸਕੂਲ ਦੇ ਅਧਿਆਪਕ ਸ੍ਰੀ ਬਲਜਿੰਦਰ ਮਾਨ ਵੱਲੋਂ 18400 ਟੂਥ ਪਿਕ ਨਾਲ ਵੋਟਰ ਦਿਵਸ ਮੌਕੇ ਤਿਆਰ ਕੀਤੇ ਵਿਸ਼ੇਸ਼ ਮਾਡਲ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਪੰਜ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਗਏ।