ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਛੇਹਰਟਾ ਥਾਣੇ ਹੇਠ ਆਉਂਦੇ ਪਿੰਡ ਵਡਾਲੀ ਵਿਖੇ ਇਕ ਨਵ ਵਿਆਹੇ ਜੋੜੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਸ਼ਨਾਖਤ ਕੁਲਦੀਪ ਸਿੰਘ ਉਰਫ ਸੰਨੀ ਅਤੇ ਰੇਨੂੰ ਵਜੋਂ ਹੋਈ ਹੈ।
ਇਸ ਸਬੰਧ ਵਿਚ ਪੁਲੀਸ ਵਲੋਂ ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਦੀ ਮਾਂ ਬਲਬੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ, ਜਿਸ ਨੇ ਦੱਸਿਆ ਕਿ ਦੋਵਾਂ ਨੇ ਪ੍ਰੇਮ ਵਿਆਹ ਕੀਤਾ ਸੀ ਅਤੇ ਲਗਪਗ ਛੇ ਮਹੀਨੇ ਪਹਿਲਾਂ ਇਹ ਵਿਆਹ ਹੋਇਆ ਸੀ। ਉਹ ਦੋਵੇਂ ਪਿਛਲੇ ਦੋ ਸਾਲਾਂ ਤੋਂ ਪ੍ਰੇਮ ਸਬੰਧ ਵਿਚ ਸਨ। ਛੇ ਮਹੀਨੇ ਪਹਿਲਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਨ੍ਹਾਂ ਨੇ ਆਪਸ ਵਿਚ ਵਿਆਹ ਕਰ ਲਿਆ ਸੀ। ਕੁਲਦੀਪ ਇਥੇ ਦਾਣਾ ਮੰਡੀ ਵਿਖੇ ਪੱਲੇਦਾਰ ਵਜੋਂ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਸੀ ਅਤੇ ਨਵ ਵਿਆਹਿਆ ਜੋੜਾ ਘਰ ਵਿਚ ਇਕੱਲਾ ਸੀ।
ਉਸ ਨੇ ਦੱਸਿਆ ਕਿ ਇਕ ਗੁਆਂਢੀ ਵਲੋਂ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦੇ ਘਰ ਦਾ ਕਈ ਵਾਰ ਦਰਵਾਜ਼ਾ ਖੜਕਾਇਆ ਹੈ ਪਰ ਅੰਦਰੋਂ ਕੋਈ ਹੁੰਗਾਰਾ ਨਹੀਂ ਦੇ ਰਿਹਾ। ਸੂਚਨਾ ਦੇਣ ਵਾਲੇ ਨੂੰ ਉਸ ਨੇ ਘਰ ਦੀ ਕੰਧ ਟੱਪ ਕੇ ਅੰਦਰ ਜਾਣ ਲਈ ਕਹਿ ਦਿੱਤਾ। ਜਿਸ ਨੇ ਬਾਅਦ ਵਿਚ ਦੱਸਿਆ ਕਿ ਕੁਲਦੀਪ ਦੀ ਲਾਸ਼ ਫਰਸ਼ ’ਤੇ ਪਈ ਸੀ ਅਤੇ ਉਸ ਦੇ ਗਲ ਵਿਚ ਰੱਸੀ ਲਪੇਟੀ ਹੋਈ ਸੀ। ਜਦੋਂ ਕਿ ਰੇਨੂੰ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਪੁਲੀਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।