ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਮਈ
ਇੱਥੇ ਰੇਲਵੇ ਸਟੇਸ਼ਨ ਨੇੜੇ ਬਣ ਰਹੀ ਵਪਾਰਕ ਇਮਾਰਤ ਦੇ ਜ਼ਮੀਨਦੋਜ ਹਿੱਸੇ ਲਈ ਵਧੇਰੇ ਪੁਟਾਈ ਕੀਤੇ ਜਾਣ ਕਾਰਨ ਨੇੜਲੀਆਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਤਰੇੜਾਂ ਆ ਗਈਆਂ ਹਨ। ਇਨ੍ਹਾਂ ਘਰਾਂ ਵਿਚ ਰਹਿੰਦੇ ਲੋਕ ਸੜਕ ’ਤੇ ਰਾਤ ਗੁਜ਼ਾਰ ਰਹੇ ਹਨ। ਅੱਜ ਇਸ ਮਾਮਲੇ ਵਿਚ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਲੋਕਾਂ ਨੂੰ ਮਿਲੇ ਹਨ। ਇਸ ਮੌਕੇ ਮੇਅਰ ਤੇ ਹੋਟਲ ਮਾਲਕਾਂ ਵਿਚਾਲੇ ਤਿੱਖੀ ਤਕਰਾਰ ਵੀ ਹੋਈ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਥੇ ਉਸਾਰੀ ਅਧੀਨ ਵਪਾਰਕ ਇਮਾਰਤ ਨਾਲ ਲਗਦੀ ਹੋਟਲ ਦੀ ਇਮਾਰਤ ਦਾ ਕੁੱਝ ਹਿੱਸਾ ਢਹਿ-ਢੇਰੀ ਹੋ ਗਿਆ ਸੀ। ਇਹ ਹੋਟਲ ਸ਼ਹਿਰ ਦੇ ਪੁਰਾਣੇ ਹੋਟਲਾਂ ’ਚੋਂ ਇਕ ਹੈ। ਇਸ ਦੇ ਮਾਲਕਾਂ ਨੇ ਦੋਸ਼ ਲਾਇਆ ਗਿਆ ਸੀ ਕਿ ਉਹ ਨੇੜੇ ਬਣ ਰਹੀ ਵਪਾਰਕ ਇਮਾਰਤ ਦੇ ਜ਼ਮੀਨਦੋਜ ਹਿੱਸੇ ਲਈ ਵਧੇਰੇ ਪੁਟਾਈ ਦਾ ਮਾਮਲਾ ਕਈ ਵਾਰ ਨਿਗਮ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਉਨ੍ਹਾਂ ਦੇ ਹੋਟਲ ਦੀ ਇਮਾਰਤ ਦਾ ਕੁੱਝ ਹਿੱਸਾ ਡਿੱਗ ਗਿਆ ਹੈ ਅਤੇ ਨੇੜਲੀਆਂ ਰਿਹਾਇਸ਼ੀ ਇਮਾਰਤਾਂ ਵੀ ਨੁਕਸਾਨੀਆਂ ਗਈਆਂ।
ਅੱਜ ਇਸੇ ਮਾਮਲੇ ਵਿਚ ਪਹਿਲਾਂ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਸ ਨੇ ਨੁਕਸਾਨੇ ਘਰਾਂ ਦਾ ਜਾਇਜ਼ਾ ਲਿਆ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਤਰੇੜਾਂ ਕਾਰਨ ਇਹ ਮਕਾਨ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਇਸ ਕਾਰਨ ਉਹ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਬੀਤੀ ਦੇਰ ਰਾਤ ਆਈ ਹਨੇਰੀ ਤੇ ਬਿਜਲੀ ਚਲੇ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮਾਮਲੇ ਵਿਚ ਸ੍ਰੀ ਮੰਨਾ ਨੇ ਨਗਰ ਨਿਗਮ ਦੇ ਮੇਅਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਪੀੜਤਾਂ ਦੀ ਸਾਲ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਅੱਠ ਪਰਿਵਾਰਾਂ ਦੇ ਘਰਾਂ ਵਿਚ ਤਰੇੜਾਂ ਆ ਚੁੱਕੀਆਂ ਹਨ। ਇਹ ਪਰਿਵਾਰ ਬਾਹਰ ਗਲੀ ਵਿਚ ਰਹਿ ਰਹੇ ਹਨ। ਪੀੜਤਾਂ ਨੇ ਇਤਰਾਜ਼ ਪ੍ਰਗਟਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਨੇ ਅਜੇ ਤਕ ਆਪਣੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪੀ।
ਇਸ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਖਿਆ ਕਿ ਲਗਪਗ ਸੱਤ ਘਰਾਂ ਦੀਆਂ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਬਣ ਰਹੀ ਵਪਾਰਕ ਇਮਾਰਤ ਸਰਕਾਰ ਦੀ ‘ਇਨਵੇਸਟ ਪੰਜਾਬ’ ਯੋਜਨਾ ਹੇਠ ਬਣ ਰਹੀ ਹੈ ਪਰ ਇਮਾਰਤ ਦੇ ਮਾਲਕ ਵੱਲੋਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਕੰਮ ਕੀਤਾ ਜਾ ਰਿਹਾ ਹੈ।